ਯਾਕੂਬ
ਕਾਂਡ 4
1 ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ ? ਕੀ ਐਥੋਂ ਨਹੀਂ ਅਰਥਾਤ ਤੁਹਾਡਿਆਂ ਭੋਗ ਬਿਲਾਸਾਂ ਤੋਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਜੁੱਧ ਕਰਦੇ ਹਨ ?
2 ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪਰਾਪਤ ਨਹੀਂ ਕਰ ਸੱਕਦੇ। ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ। ਤੁਹਾਡੇ ਪੱਲੇ ਕੁਝ ਨਹੀਂ ਪੈਂਦਾ ਇਸ ਲਈ ਜੋ ਮੰਗਦੇ ਨਹੀਂ।
3 ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਭਈ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ।
4 ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।
5 ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ ਜੋ ਧਰਮ ਪੁਸਤਕ ਐਂਵੇਂ ਕਹਿੰਦਾ ਹੈ ਭਈ ਉਹ ਉਸ ਆਤਮਾ ਲਈ ਜਿਹੜਾ ਉਹ ਨੇ ਸਾਡੇ ਵਿੱਚ ਵਸਾਇਆ ਹੈ ਅਣਖ ਨਾਲ ਲੋਚਦਾ ਹੈ ?
6 ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਉਹ ਕਹਿੰਦਾ ਹੈ ਭਈ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।
7 ਉਪਰੰਤ ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।
8 ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।
9 ਦੁਖੀ ਹੋਵੋ, ਸੋਗ ਕਰੋ ਅਤੇ ਰੋਵੋ। ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਅਨੰਦ ਉਦਾਸੀ ਨਾਲ ਬਦਲ ਜਾਵੇ।
10 ਪ੍ਰਭੁ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆਂ ਕਰੇਗਾ।
11 ਹੇ ਭਰਾਵੋ, ਇੱਕ ਦੂਏ ਦੇ ਵਿਰੁੱਧ ਨਾ ਬੋਲੋ। ਜੋ ਕੋਈ ਭਰਾ ਦੇ ਵਿਰੁੱਧ ਬੋਲਦਾ ਹੈ ਅਥਵਾ ਆਪਣੇ ਭਰਾ ਉੱਤੇ ਦੋਸ਼ ਲਾਉਂਦਾ ਹੈ ਸੋ ਸ਼ਰਾ ਦੇ ਵਿਰੁੱਧ ਬੋਲਦਾ ਹੈ ਅਤੇ ਸ਼ਰਾ ਉੱਤੇ ਦੋਸ਼ ਲਾਉਂਦਾ ਹੈ। ਪਰ ਜੇ ਤੂੰ ਸ਼ਰਾ ਉੱਤੇ ਦੋਸ਼ ਲਾਉਂਦਾ ਹੈ ਤਾਂ ਤੂੰ ਸ਼ਰਾ ਉੱਤੇ ਅਮਲ ਕਰਨ ਵਾਲਾ ਨਹੀਂ ਸਗੋਂ ਦੋਸ਼ ਲਾਉਣ ਵਾਲਾ ਹੋਇਆ।
12 ਸ਼ਰਾ ਦਾ ਦੇਣ ਵਾਲਾ ਅਤੇ ਨਿਆਈ ਇੱਕੋ ਹੈ ਅਰਥਾਤ ਉਹ ਜਿਹੜਾ ਮੁਕਤੀ ਦੇਣ ਅਤੇ ਨਾਸ ਕਰਨ ਨੂੰ ਸਮਰੱਥ ਹੈ। ਪਰ ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ ?
13 ਓਏ ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਯਾ ਭਲਕੇ ਫ਼ਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਰਹਾ ਕੱਟਾਂਗੇ ਅਤੇ ਵਣਜ ਬੁਪਾਰ ਕਰਾਂਗੇ ਅਤੇ ਕੁਝ ਖੱਟਾਂਗੇ।
14 ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ ! ਤੁਹਾਡੀ ਜਿੰਦ ਹੈ ਹੀ ਕੀ ? ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।
15 ਸਗੋਂ ਤੁਸਾਂ ਇਹ ਆਖਣਾ ਸੀ ਭਈ ਪ੍ਰਭੁ ਚਾਹੇ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਯਾ ਉਹ ਕੰਮ ਕਰਾਂਗੇ।
16 ਪਰ ਹੁਣ ਤੁਸੀਂ ਆਪਣੀਆਂ ਗੱਪਾਂ ਉੱਤੇ ਘੁਮੰਡ ਕਰਦੇ ਹੋ। ਇਹੋ ਜਿਹਾ ਘੁਮੰਡ ਸਾਰਾ ਹੀ ਬੁਰਾ ਹੁੰਦਾ ਹੈ।
17 ਸੋ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਏਹ ਉਹ ਦੇ ਲਈ ਪਾਪ ਹੈ।