ਇਬਰਾਨੀਆਂ

1 2 3 4 5 6 7 8 9 10 11 12 13

ਕਾਂਡ 3

1 ਉਪਰੰਤ ਹੇ ਪਵਿੱਤਰ ਭਰਾਵੋ, ਸੁਰਗੀ ਸੱਦੇ ਦੇ ਭਾਈਵਾਲੋ, ਤੁਸੀਂ ਸਾਡੇ ਇਕਰਾਰ ਦੇ ਰਸੂਲ ਅਤੇ ਪਰਧਾਨ ਜਾਜਕ ਯਿਸੂ ਵੱਲ ਧਿਆਨ ਕਰੋ।
2 ਜਿਹੜਾ ਆਪਣੇ ਥਾਪਣ ਵਾਲੇ ਦੇ ਹੱਕ ਵਿੱਚ ਮਾਤਬਰ ਸੀ ਜਿਵੇਂ ਮੂਸਾ ਉਹ ਦੇ ਸਾਰੇ ਘਰ ਵਿੱਚ ਸੀ।
3 ਕਿਉਂ ਜੋ ਘਰ ਨਾਲੋਂ ਜਿੰਨਾ ਘਰ ਦਾ ਬਣਾਉਣ ਵਾਲਾ ਆਦਰ ਦੇ ਜੋਗ ਹੁੰਦਾ ਹੈ ਉੱਨਾ ਹੀ ਉਹ ਵੀ ਮੂਸਾ ਨਾਲੋਂ ਵਧੀਕ ਆਦਰ ਦੇ ਜੋਗ ਹੈ।
4 ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।
5 ਅਤੇ ਮੂਸਾ ਤਾਂ ਉਹ ਦੇ ਸਾਰੇ ਘਰ ਵਿੱਚ ਨੌਕਰ ਦੀ ਨਿਆਈਂ ਮਾਤਬਰ ਸੀ ਭਈ ਹੋਣ ਵਾਲੀਆਂ ਗੱਲਾਂ ਦੀ ਸਾਖੀ ਦੇਵੇ।
6 ਪਰ ਮਸੀਹ ਪੁੱਤ੍ਰ ਦੀ ਨਿਆਈਂ ਉਹ ਦੇ ਘਰ ਉੱਤੇ ਹੈ, ਅਤੇ ਉਹ ਦਾ ਘਰ ਅਸੀਂ ਹਾਂ ਜੇ ਅਸੀਂ ਆਸ ਦੀ ਦਿਲੇਰੀ ਅਰ ਅਭਮਾਨ ਅੰਤ ਤੋੜੀ ਫੜੀ ਰੱਖੀਏ।
7 ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ, — ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ,
8 ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗਾਵਤ ਦੇ ਦਿਨ ਉਜਾੜ ਵਿੱਚ,
9 ਜਦ ਤੁਹਾਡੇ ਪਿਉ ਦਾਦਿਆਂ ਨੇ ਮੈਨੂੰ ਪਰਖ ਕੇ ਜਾਚਿਆ, ਅਤੇ ਚਾਲੀ ਵਰਹੇ ਮੇਰੇ ਕੰਮ ਵੇਖੇ।
10 ਇਸ ਕਾਰਨ ਮੈਂ ਉਸ ਪੀੜ੍ਹੀ ਤੋਂ ਗਰੰਜ ਹੋਇਆ, ਅਤੇ ਆਖਿਆ ਕਿ ਓਹ ਦਿਲੋਂ ਕੁਰਾਹੇ ਪੈਂਦੇ ਹਨ, ਅਤੇ ਓਹਨਾਂ ਮੇਰੇ ਰਾਹਾਂ ਨੂੰ ਨਾ ਜਾਤਾ,
11 ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂਹ ਖਾਧੀ, ਕਿ ਏਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ !
12 ਹੇ ਭਰਾਵੋ, ਵੇਖਣਾ ਭਈ ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ।
13 ਸਗੋਂ ਜਿੰਨਾ ਚਿਰ ਅੱਜ ਦਾ ਦਿਨ ਆਖੀਦਾ ਹੈ ਤੁਸੀਂ ਨਿੱਤ ਇੱਕ ਦੂਏ ਨੂੰ ਉਪਦੇਸ਼ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ।
14 ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜੀ ਰੱਖੀਏ, ਜਿਵੇਂ ਆਖਿਆ ਜਾਂਦਾ ਹੈ,-
15 ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗਾਵਤ ਦੇ ਦਿਨ।
16 ਓਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗਾਵਤ ਕੀਤੀ ? ਭਲਾ, ਉਨ੍ਹਾਂ ਸਭਨਾਂ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿੱਕਲ ਆਏ ਸਨ ?
17 ਅਤੇ ਉਹ ਕਿਨ੍ਹਾਂ ਨਾਲ ਚਾਲੀ ਵਰਹੇ ਗਰੰਜ ਰਿਹਾ ? ਭਲਾ, ਉਨ੍ਹਾਂ ਨਾਲ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲੋਥਾਂ ਉਜਾੜ ਵਿੱਚ ਪਈਆਂ ਰਹੀਆਂ ?
18 ਅਤੇ ਕਿਨ੍ਹਾਂ ਨੂੰ ਉਸ ਨੇ ਸੌਂਹ ਖਾ ਕੇ ਆਖਿਆ ਭਈ ਓਹ ਮੇਰੇ ਅਰਾਮ ਵਿੱਚ ਨਾ ਵੜਨਗੇ ਪਰ ਉਨ੍ਹਾਂ ਨੂੰ ਜਿਹੜੇ ਅਣਆਗਿਆਕਾਰ ਸਨ ?
19 ਅਸੀਂ ਇਹ ਵੇਖਦੇ ਹਾਂ ਜੋ ਓਹ ਬੇਪਰਤੀਤੀ ਦੇ ਕਾਰਨ ਉਸ ਵਿੱਚ ਵੜ ਨਾ ਸੱਕੇ।