੧ ਤਿਮੋਥਿਉਸ
ਕਾਂਡ 5
1 ਕਿਸੇ ਬੁੱਢੇ ਨੂੰ ਨਾ ਝਿੜਕੀਂ ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜੁਆਨਾਂ ਨੂੰ ਭਰਾਵਾਂ ਵਾਂਗਰ।
2 ਅਤੇ ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ ਸਮਝਾਵੀਂ।
3 ਵਿਧਵਾਂ ਦਾ ਜਿਹੜੀਆਂ ਸੱਚ ਮੁੱਚ ਵਿਧਵਾਂ ਹਨ ਆਦਰ ਕਰੀਂ।
4 ਪਰ ਜੇ ਕਿਸੇ ਵਿਧਵਾ ਦੇ ਬਾਲਕ ਅਥਵਾ ਪੋਤਰੇ ਦੋਹਤਰੇ ਹੋਣ ਤਾਂ ਓਹ ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ।
5 ਜਿਹੜੀ ਸੱਚ ਮੁੱਚ ਵਿਧਵਾ ਅਤੇ ਇਕੱਲੀ ਕਾਰੀ ਹੈ ਉਹ ਨੇ ਪਰਮੇਸ਼ੁਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ ਦਿਨ ਬੇਨਤੀਆਂ ਅਤੇ ਪ੍ਰਾਰਥਨਾਂ ਵਿੱਚ ਲੱਗੀ ਰਹਿੰਦੀ ਹੈ।
6 ਪਰ ਜਿਹੜੀ ਗੁਲਛੱਰੇ ਉੱਡਾਉਂਦੀ ਹੈ ਉਹ ਤਾਂ ਜੀਉਂਦੀ ਹੀ ਮੋਈ ਹੋਈ ਹੈ।
7 ਤੂੰ ਇਨ੍ਹਾਂ ਗੱਲਾਂ ਦਾ ਭੀ ਹੁਕਮ ਕਰ ਭਈ ਓਹ ਨਿਰਦੋਸ਼ ਹੋਣ।
8 ਪਰ ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।
9 ਉਹੋ ਵਿਧਵਾ ਲਿਖੀ ਜਾਵੇ ਜਿਹ ਦੀ ਉਮਰ ਸੱਠਾਂ ਵਰਿਹਾਂ ਤੋਂ ਘੱਟ ਨਾ ਹੋਵੇ ਅਤੇ ਇੱਕੋ ਹੀ ਪਤੀ ਦੀ ਪਤਨੀ ਰਹੀ ਹੋਵੇ।
10 ਅਤੇ ਉਹ ਸ਼ੁਭ ਕਰਮਾਂ ਕਰਕੇ ਨੇਕਨਾਮ ਹੋਵੇ ਅਰਥਾਤ ਬਾਲਕਾਂ ਨੂੰ ਪਾਲਿਆ ਹੋਵੇ, ਓਪਰਿਆਂ ਦੀ ਆਗਤ ਭਾਗਤ ਕੀਤੀ ਹੋਵੇ, ਸੰਤਾਂ ਦੇ ਚਰਨਾਂ ਨੂੰ ਧੋਤਾ ਹੋਵੇ, ਦੁਖੀਆਂ ਦੀ ਸਹਾਇਤਾ ਕੀਤੀ ਹੋਵੇ, ਅਤੇ ਹਰੇਕ ਚੰਗੇ ਕੰਮ ਦੇ ਮਗਰ ਲੱਗੀ ਰਹੀ ਹੋਵੇ।
11 ਪਰ ਮੁਟਿਆਰ ਵਿਧਵਾਂ ਨੂੰ ਲਾਂਭੇ ਰੱਖ ਕਿਉਂਕਿ ਜਾਂ ਓਹ ਮਸੀਹ ਦੇ ਵਿਰੁੱਧ ਕਾਮਨਾਂ ਦੇ ਵੱਸ ਪੈ ਜਾਂਦੀਆਂ ਹਨ ਤਾਂ ਵਿਆਹ ਕਰਾਉਣਾ ਚਾਹੁੰਦੀਆਂ ਹਨ।
12 ਅਤੇ ਉਹ ਦੋਸ਼ਣਾਂ ਠਹਿਰਦੀਆਂ ਹਨ ਇਸ ਲਈ ਜੋ ਆਪਣੀ ਪਹਿਲੀ ਨਿਹਚਾ ਤਿਆਗ ਬੈਠੀਆਂ ਹਨ।
13 ਨਾਲੇ ਓਹ ਘਰ ਘਰ ਫਿਰ ਕੇ ਆਲਸਣਾਂ ਬਣਨਾਂ ਸਿੱਖਦੀਆਂ ਹਨ ਅਤੇ ਨਿਰੀਆਂ ਆਲਸਣਾਂ ਹੀ ਨਹੀਂ ਸਗੋਂ ਬੁੜ ਬੁੜ ਕਰਨ ਵਾਲੀਆਂ ਅਤੇ ਪਰਾਇਆਂ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਜੋਗ ਗੱਲਾਂ ਕਰਦੀਆਂ ਹਨ।
14 ਇਸ ਲਈ ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾਂ ਵਿਆਹ ਕਰਨ, ਧੀਆਂ ਪੁੱਤ੍ਰ ਜਣਨ, ਗ੍ਰਿਸਤ ਦਾ ਕੰਮ ਕਰਨ ਅਤੇ ਵਿਰੋਧੀ ਨੂੰ ਨਿੰਦਿਆਂ ਕਰਨ ਦਾ ਮੌਕਾ ਨਾ ਦੇਣ।
15 ਕਿਉਂ ਜੋ ਕਈ ਇੱਕ ਹੁਣ ਵੀ ਫਿਰ ਕੇ ਸ਼ਤਾਨ ਦੇ ਮਗਰ ਲੱਗ ਪਈਆਂ ਹਨ।
16 ਜੇ ਕਿਸੇ ਨਿਹਚਾਵਾਨ ਇਸਤ੍ਰੀ ਦੇ ਘਰ ਵਿਧਵਾਂ ਹੋਣ ਤਾਂ ਉਹੋ ਉਨ੍ਹਾਂ ਦੀ ਸਹਾਇਤਾ ਕਰੇ ਤਾਂ ਜੋ ਕਲੀਸਿਯਾ ਉੱਤੇ ਭਾਰ ਨਾ ਪਵੇ ਭਈ ਏਹ ਉਨ੍ਹਾਂ ਦੀ ਸਹਾਇਤਾ ਕਰੇ ਜਿਹੜੀਆਂ ਸੱਚ ਮੁੱਚ ਵਿਧਵਾਂ ਹਨ।
17 ਓਹ ਬਜ਼ੁਰਗ ਜਿਹੜੇ ਚੰਗਾ ਪਰਬੰਧ ਕਰਦੇ ਹਨ ਦੂਣੇ ਆਦਰ ਦੇ ਜੋਗ ਸਮਝੇ ਜਾਣ ਪਰ ਖਾਸ ਕਰਕੇ ਓਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ।
18 ਕਿਉਂ ਜੋ ਧਰਮ ਪੁਸਤਕ ਇਹ ਆਖਦੀ ਹੈ ਭਈ ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਛਿੱਕਲੀ ਨਾ ਚਾੜ੍ਹ, ਨਾਲੇ ਇਹ ਭਈ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੈ।
19 ਬਜ਼ੁਰਗ ਦੇ ਜੁੰਮੇ ਕੋਈ ਦੋਸ਼ ਨਾ ਸੁਣੀਂ ਜਿੰਨਾ ਚਿਰ ਦੋ ਯਾ ਤਿੰਨ ਗਵਾਹ ਨਾ ਹੋਣ।
20 ਜਿਹੜੇ ਪਾਪ ਕਰਦੇ ਹਨ ਓਹਨਾਂ ਨੂੰ ਸਭਨਾਂ ਦੇ ਸਾਹਮਣੇ ਝਿੜਕ ਦੇਹ ਭਈ ਬਾਕੀ ਦਿਆਂ ਨੂੰ ਭੀ ਡਰ ਰਹੇ।
21 ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ ਅਤੇ ਚੁਣਿਆਂ ਹੋਇਆਂ ਦੂਤਾਂ ਨੂੰ ਗਵਾਹ ਕਰ ਕੇ ਤੈਨੂੰ ਤਗੀਦ ਕਰਦਾ ਹਾਂ ਭਈ ਤੂੰ ਪੱਖ ਪਾਤ ਤੋਂ ਬਿਨਾ ਇਨ੍ਹਾਂ ਗੱਲਾਂ ਦੀ ਸੰਭਾਲਣਾ ਕਰ ਅਤੇ ਕਿਸੇ ਕੰਮ ਵਿੱਚ ਰਈ ਨਾ ਕਰ।
22 ਕਿਸੇ ਉੱਤੇ ਹੱਥ ਛੇਤੀ ਨਾ ਧਰ, ਨਾ ਹੋਰਨਾਂ ਦੇ ਪਾਪਾਂ ਦਾ ਭਾਗੀ ਬਣ। ਆਪਣੇ ਆਪ ਨੂੰ ਸੁੱਚਾ ਰੱਖ।
23 ਅਗਾਹਾਂ ਨੂੰ ਨਿਰਾ ਪਾਣੀ ਨਾ ਪੀਆ ਕਰ ਪਰ ਹਾਜ਼ਮੇ ਲਈ ਅਤੇ ਆਪਣੀਆਂ ਬਹੁਤੀਆਂ ਮਾਂਦਗੀਆਂ ਦੇ ਕਾਰਨ ਥੋੜੀ ਜਿਹੀ ਮੈ ਵਰਤ ਲਿਆ ਕਰ।
24 ਕਈ ਮਨੁੱਖਾਂ ਦੇ ਪਾਪ ਪਰਤੱਖ ਹਨ ਅਤੇ ਅਦਾਲਤ ਵਿੱਚ ਅੱਗੇ ਹੀ ਜਾਂਦੇ ਹਨ ਅਤੇ ਕਈਆਂ ਦੇ ਪਿੱਛੇ ਹੀ ਆਉਂਦੇ ਹਨ।
25 ਇਸੇ ਤਰਾਂ ਸ਼ੁਭ ਕਰਮ ਭੀ ਪਰਤੱਖ ਹਨ ਅਤੇ ਜੋ ਹੋਰ ਪਰਕਾਰ ਦੇ ਹਨ ਓਹ ਗੁਪਤ ਨਹੀਂ ਰਹਿ ਸੱਕਦੇ।