੨ ਥੱਸਲੁਨੀਕੀਆਂ
ਕਾਂਡ 3
1 ਮੁਕਦੀ ਗੱਲ, ਹੇ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ ਭਈ ਪ੍ਰਭੁ ਦਾ ਬਚਨ ਫੈਲਰੇ ਅਤੇ ਵਡਿਆਇਆ ਜਾਵੇ ਜਿਵੇਂ ਤੁਹਾਡੇ ਵਿੱਚ ਵੀ ਹੈ।
2 ਅਤੇ ਇਹ ਭਈ ਅਸੀਂ ਪੁੱਠੇ ਅਤੇ ਬੁਰੇ ਮਨੁੱਖਾਂ ਤੋਂ ਬਚਾਏ ਜਾਈਏ ਕਿਉਂ ਜੋ ਸਭਨਾਂ ਨੂੰ ਨਿਹਚਾ ਨਹੀਂ ਹੈ।
3 ਪਰੰਤੂ ਪ੍ਰਭੁ ਵਫ਼ਾਦਾਰ ਹੈ ਜਿਹੜਾ ਤੁਹਾਨੂੰ ਦ੍ਰਿੜ੍ਹ ਕਰੇਗਾ ਅਤੇ ਦੁਸ਼ਟ ਤੋਂ ਬਚਾਈ ਰੱਖੇਗਾ।
4 ਅਤੇ ਸਾਨੂੰ ਪ੍ਰਭੁ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਭਈ ਜੋ ਕੁਝ ਅਸੀਂ ਹੁਕਮ ਦਿੰਦੇ ਹਾਂ ਸੋ ਤੁਸੀਂ ਕਰਦੇ ਹੋ ਨਾਲੇ ਕਰੋਗੇ ਭੀ।
5 ਅਤੇ ਪ੍ਰਭੁ ਤੁਹਾਡਿਆਂ ਮਨਾਂ ਨੂੰ ਪਰਮੇਸ਼ੁਰ ਦੇ ਪ੍ਰੇਮ ਅਤੇ ਮਸੀਹ ਦੇ ਸਬਰ ਦੇ ਰਾਹ ਪਈ ਰੱਖੇ।
6 ਹੁਣ ਹੇ ਭਰਾਵੋ, ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਨਾਮ ਉੱਤੇ ਤੁਹਾਨੂੰ ਹੁਕਮ ਦਿੰਦੇ ਹਾਂ ਭਈ ਤੁਸੀਂ ਹਰ ਇੱਕ ਭਰਾ ਤੋਂ ਜਿਹੜਾ ਉਸ ਰਵਾਇਤ ਦੇ ਅਨੁਸਾਰ ਨਹੀਂ ਜੋ ਤੁਸਾਂ ਸਾਥੋਂ ਪਾਈ ਸਗੋਂ ਕਸੂਤਾ ਚੱਲਦਾ ਹੈ ਨਿਆਰੇ ਰਹੋ।
7 ਤੁਸੀਂ ਆਪ ਤਾਂ ਜਾਣਦੇ ਹੋ ਭਈ ਤੁਹਾਨੂੰ ਕਿਸ ਤਰਾਂ ਸਾਡੀ ਰੀਸ ਕਰਨੀ ਚਾਹੀਦੀ ਹੈ ਕਿਉਂ ਜੋ ਅਸੀਂ ਤੁਹਾਡੇ ਵਿੱਚ ਕਸੂਤੇ ਨਾ ਚੱਲੇ,
8 ਨਾ ਕਿਸੇ ਕੋਲੋਂ ਮੁਖਤ ਰੋਟੀ ਖਾਧੀ ਸਗੋਂ ਮਿਹਨਤ ਪੋਹਰਿਆ ਨਾਲ ਰਾਤ ਦਿਨ ਕੰਮ ਧੰਦਾ ਕਰਦੇ ਸਾਂ ਭਈ ਤੁਹਾਡੇ ਵਿੱਚੋਂ ਕਿਸੇ ਉੱ ਤੇ ਭਾਰੂ ਨਾ ਹੋਈਏ।
9 ਨਾ ਇਸ ਕਰਕੇ ਜੋ ਸਾਨੂੰ ਇਖ਼ਤਿਆਰ ਨਹੀਂ ਸੀ ਪਰ ਇਸ ਲਈ ਜੋ ਅਸੀਂ ਆਪਣੇ ਆਪ ਨੂੰ ਤੁਹਾਡੇ ਲਈ ਨਮੂਨਾ ਕਰ ਵਿਖਾਈਏ ਭਈ ਤੁਸੀਂ ਸਾਡੀ ਰੀਸ ਕਰੋ।
10 ਕਿਉਂਕਿ ਜਦ ਅਸੀਂ ਤੁਹਾਡੇ ਕੋਲ ਸਾਂ ਤਦ ਵੀ ਤੁਹਾਨੂੰ ਇਹ ਹੁਕਮ ਦਿੱਤਾ ਸੀ ਭਈ ਜੇ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ।
11 ਕਿਉਂ ਜੋ ਅਸੀਂ ਸੁਣਦੇ ਹਾਂ ਭਈ ਕਈਕੁ ਤੁਹਾਡੇ ਵਿੱਚੋਂ ਕਸੂਤੇ ਚੱਲਦੇ ਅਤੇ ਕੁਝ ਕੰਮ ਧੰਦਾ ਨਹੀਂ ਕਰਦੇ ਸਗੋਂ ਪਰਾਏ ਕੰਮ ਵਿੱਚ ਲੱਤ ਅੜਾਉਂਦੇ ਹਨ।
12 ਹੁਣ ਅਸੀਂ ਪ੍ਰਭੁ ਯਿਸੂ ਮਸੀਹ ਵਿੱਚ ਏਹੋ ਜੇਹਿਆਂ ਨੂੰ ਹੁਕਮ ਦਿੰਦੇ ਅਤੇ ਤਗੀਦ ਕਰਦੇ ਹਾਂ ਜੋ ਓਹ ਚੁੱਪ ਚਾਪ ਕੰਮ ਧੰਦਾ ਕਰ ਕੇ ਆਪਣੀ ਰੋਟੀ ਖਾਇਆ ਕਰਨ।
13 ਪਰ ਤੁਸੀਂ, ਭਰਾਵੋ, ਭਲਿਆਈ ਕਰਦਿਆਂ ਹੌਸਲਾ ਨਾ ਹਾਰੋ।
14 ਅਤੇ ਜੇ ਕੋਈ ਇਸ ਪੱਤ੍ਰੀ ਵਿੱਚ ਲਿਖੇ ਹੋਏ ਸਾਡੇ ਬਚਨ ਨੂੰ ਨਾ ਮੰਨੇ ਤਾਂ ਉਹ ਦਾ ਧਿਆਨ ਰੱਖਣਾ ਜੋ ਉਹ ਦੀ ਸੰਗਤ ਨਾ ਕਰੋ ਭਈ ਉਹ ਲੱਜਿਆਵਾਨ ਹੋਵੇ।
15 ਤਾਂ ਵੀ ਉਹ ਨੂੰ ਵੈਰੀ ਕਰਕੇ ਨਾ ਜਾਣੋ ਸਗੋਂ ਭਰਾ ਕਰਕੇ ਸਮਝਾਓ।
16 ਹੁਣ ਸ਼ਾਂਤੀ ਦਾਤਾ ਪ੍ਰਭੁ ਆਪ ਤੁਹਾਨੂੰ ਹਰ ਵੇਲੇ ਹਰ ਪਰਕਾਰ ਨਾਲ ਸ਼ਾਂਤੀ ਦੇਵੇ। ਪ੍ਰਭੁ ਤੁਸਾਂ ਸਭਨਾਂ ਦੇ ਅੰਗ ਸੰਗ ਹੋਵੇ।
17 ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ। ਹਰੇਕ ਪੱਤ੍ਰੀ ਵਿੱਚ ਇਹੋ ਨਿਸ਼ਾਨੀ ਹੈ। ਇਉਂ ਮੈਂ ਲਿਖਦਾ ਹਾਂ।
18 ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਸਾਂ ਸਭਨਾਂ ਉੱਤੇ ਹੁੰਦੀ ਰਹੇ।