ਕੁਲੁੱਸੀਆਂ
ਕਾਂਡ 3
1 ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ।
2 ਉਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ, ਨਾ ਉਨ੍ਹਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ।
3 ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ੁਰ ਵਿੱਚ ਗੁਪਤ ਹੋਇਆ ਹੈ।
4 ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪਰਗਟ ਕੀਤਾ ਜਾਵੇਗਾ ਉਸ ਵੇਲੇ ਤੁਸੀਂ ਵੀ ਉਹ ਦੇ ਨਾਲ ਤੇਜ ਵਿੱਚ ਪਰਗਟ ਕੀਤੇ ਜਾਓਗੇ।
5 ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ।
6 ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਕ੍ਰੋਧ ਅਣਆਗਿਆਕਾਰੀ ਦੇ ਪੁੱਤ੍ਰਾਂ ਉੱਤੇ ਪੈਂਦਾ ਹੈ।
7 ਜਿਨ੍ਹਾਂ ਦੇ ਰਾਹ ਤੁਸੀਂ ਵੀ ਅੱਗੇ ਚੱਲਦੇ ਸਾਓ ਜਿਸ ਵੇਲੇ ਉਨ੍ਹਾਂ ਵਿੱਚ ਜੀਉਂਦੇ ਸਾਓ।
8 ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ।
9 ਇੱਕ ਦੂਏ ਨਾਲ ਝੂਠ ਨਾ ਮਾਰੋ ਕਿਉਂ ਜੋ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟਿਆ।
10 ਅਤੇ ਨਵੀਂ ਨੂੰ ਪਹਿਨ ਲਿਆ ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।
11 ਉੱਥੇ ਯੂਨਾਨੀ ਅਤੇ ਯਹੂਦੀ, ਸੁੰਨਤੀ ਅਤੇ ਅਸੁੰਨਤੀ, ਵਹਿਸ਼ੀ ਅਤੇ ਸਕੂਥੀ, ਗੁਲਾਮ ਅਤੇ ਅਜ਼ਾਦ, ਕੋਈ ਵੀ ਨਹੀਂ ਹੋ ਸੱਕਦਾ ਪਰ ਮਸੀਹ ਸੱਭੋ ਕੁਝ ਅਤੇ ਸਭਨਾਂ ਵਿੱਚ ਹੈ।
12 ਸੋ ਤੁਸੀਂ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਵਾਂਙੁ ਜਿਹੜੇ ਪਵਿੱਤ੍ਰ ਅਤੇ ਪਿਆਰੇ ਹਨ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।
13 ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।
14 ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।
15 ਅਤੇ ਮਸੀਹ ਦੀ ਸ਼ਾਂਤ ਜਿਹ ਦੇ ਲਈ ਤੁਸੀਂ ਇੱਕੋ ਦੇਹ ਹੋ ਕੇ ਸੱਦੇ ਵੀ ਗਏ ਤੁਹਾਡਿਆਂ ਮਨਾਂ ਵਿੱਚ ਰਾਜ ਕਰੇ ਅਤੇ ਤੁਸੀਂ ਧੰਨਵਾਦ ਕਰਿਆ ਕਰੋ।
16 ਮਸੀਹ ਦਾ ਬਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵੱਸੇ ਅਤੇ ਤੁਸੀਂ ਜ਼ਬੂਰਾਂ ਅਤੇ ਭਜਨਾਂ ਅਤੇ ਆਤਮਕ ਗੀਤਾਂ ਦੁਆਰਾ ਇੱਕ ਦੂਏ ਨੂੰ ਉਪਦੇਸ਼ ਦਿਆ ਕਰੋ ਅਤੇ ਚਿਤਾਰਿਆ ਕਰੋ ਅਤੇ ਕਿਰਪਾ ਨਾਲ ਪਰਮੇਸ਼ੁਰ ਨੂੰ ਆਪਣਿਆਂ ਮਨਾਂ ਵਿੱਚ ਗਾਇਆ ਕਰੋ।
17 ਅਤੇ ਸਭ ਜੋ ਕੁਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕਰਮ ਸੱਭੋ ਹੀ ਪ੍ਰਭੁ ਯਿਸੂ ਦੇ ਨਾਮ ਉੱਤੇ ਕਰੋ ਅਰ ਉਹ ਦੇ ਰਾਹੀਂ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ।
18 ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਵਿੱਚ ਜੋਗ ਹੈ।
19 ਹੇ ਪਤੀਓ, ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜੇ ਨਾ ਹੋਵੋ।
20 ਹੇ ਬਾਲਕੋ, ਤੁਸੀਂ ਸਭਨੀਂ ਗੱਲੀਂ ਆਪਣੇ ਮਾਪਿਆਂ ਦੀ ਆਗਿਆਕਾਰੀ ਕਰੋ ਕਿਉਂ ਜੋ ਪ੍ਰਭੁ ਵਿੱਚ ਇਹ ਗੱਲ ਮਨ ਭਾਉਣੀ ਹੈ।
21 ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।
22 ਹੇ ਨੌਕਰੋ, ਤੁਸੀਂ ਸਭਨੀਂ ਗੱਲੀਂ ਆਪਣੇ ਸੰਸਾਰਕ ਮਾਲਕਾਂ ਦੀ ਆਗਿਆਕਾਰੀ ਕਰੋ ਅਤੇ ਮਨੁੱਖਾਂ ਦੇ ਰਿਝਾਉਣ ਵਾਲਿਆਂ ਵਾਂਙੁ ਵਿਖਾਵੇ ਦੀ ਨੌਕਰੀ ਨਹੀਂ ਸਗੋਂ ਮਨ ਦੀ ਸਫ਼ਾਈ ਨਾਲ ਪ੍ਰਭੁ ਦੇ ਭੈ ਨਾਲ ਕਰੋ।
23 ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।
24 ਕਿਉਂਕਿ ਤੁਸੀਂ ਜਾਣਦੇ ਹੋ ਭਈ ਤੁਹਾਨੂੰ ਪ੍ਰਭੁ ਤੋਂ ਅਧਕਾਰ ਦਾ ਫਲ ਮਿਲੇਗਾ। ਤੁਸੀਂ ਮਸੀਹ ਪ੍ਰਭੁ ਦੀ ਸੇਵਾ ਕਰਦੇ ਹੋ।
25 ਕਿਉਂਕਿ ਜਿਹੜਾ ਕੁਨਿਆਉਂ ਕਰਦਾ ਹੈ ਉਹ ਨੂੰ ਉਸ ਕੁਨਿਆਉਂ ਦਾ ਵੱਟਾ ਮਿਲੇਗਾ ਅਤੇ ਪੱਖ ਪਾਤ ਹੁੰਦਾ ਹੀ ਨਹੀਂ।