ਗਲਾਤੀਆਂ
ਕਾਂਡ 3
1 ਹੇ ਮੂਰਖ ਗਲਾਤੀਓ, ਕਿਹ ਨੇ ਤੁਹਾਡੇ ਉੱਤੇ ਜਾਦੂ ਪਾ ਲਏ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਯਿਸੂ ਮਸੀਹ ਸਲੀਬ ਉੱਤੇ ਚਾੜ੍ਹਿਆ ਹੋਇਆ ਸਰੀਹਣ ਪਰਸਿੱਧ ਕੀਤਾ ਗਿਆ?
2 ਮੈਂ ਤੁਹਾਥੋਂ ਨਿਰਾ ਇੰਨਾ ਮਲੂਮ ਕਰਨਾ ਚਾਹੁੰਦਾ ਹਾਂ ਭਈ ਤੁਹਾਨੂੰ ਸ਼ਰਾ ਦੇ ਕੰਮਾਂ ਤੋਂ ਆਤਮਾ ਪਰਾਪਤ ਹੋਇਆ ਅਥਵਾ ਨਿਹਚਾ ਦੇ ਸੁਨੇਹੇ ਤੋਂ ?
3 ਕੀ ਤੁਸੀਂ ਇਹੋ ਜਿਹੇ ਮੂਰਖ ਹੋ ? ਭਲਾ, ਆਤਮਾ ਦੁਆਰਾ ਅਰੰਭ ਕਰ ਕੇ ਤੁਸੀਂ ਹੁਣ ਸਰੀਰ ਦੁਆਰਾ ਸਮਾਪਤ ਕਰਦੇ ਹੋ ?
4 ਕੀ ਤੁਸੀਂ ਐਨਿਆਂ ਦੁਖਾਂ ਨੂੰ ਐਵੇਂ ਹੀ ਝੱਲਿਆ ਜੇ ਸੱਚੀ ਮੁੱਚੀ ਐਵੇਂ ਭੀ ਹੋਵੇ !
5 ਫੇਰ ਜਿਹੜਾ ਤੁਹਾਨੂੰ ਆਤਮਾ ਦਿੰਦਾ ਅਤੇ ਤੁਹਾਡੇ ਵਿੱਚ ਕਰਾਮਾਤਾਂ ਵਿਖਾਉਂਦਾ ਹੈ ਸੋ ਸ਼ਰਾ ਦੇ ਕੰਮਾਂ ਤੋਂ ਯਾ ਨਿਹਚਾ ਦੇ ਸੁਨੇਹੇ ਤੋਂ ਇਹ ਕਰਦਾ ਹੈ ?
6 ਜਿਵੇਂ ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਹ ਦੇ ਲਈ ਧਰਮ ਗਿਣੀ ਗਈ।
7 ਸੋ ਜਾਣ ਛੱਡੋ ਭਈ ਜਿਹੜੇ ਪਰਤੀਤ ਵਾਲੇ ਹਨ ਓਹੋ ਅਬਰਾਹਾਮ ਦੇ ਪੁੱਤ੍ਰ ਹਨ।
8 ਅਤੇ ਧਰਮ ਪੁਸਤਕ ਨੇ ਅੱਗਿਓਂ ਇਹ ਵੇਖ ਕੇ ਭਈ ਪਰਮੇਸ਼ੁਰ ਪਰਾਈਆਂ ਕੌਮਾਂ ਨੂੰ ਨਿਹਚਾ ਦੇ ਰਾਹੀਂ ਧਰਮੀ ਠਹਿਰਾਵੇਗਾ ਅਬਰਾਹਾਮ ਨੂੰ ਅੱਗੋਂ ਹੀ ਇਹ ਖੁਸ਼ ਖਬਰੀ ਸੁਣਾਈ ਭਈ ਸਭ ਕੌਮਾਂ ਤੇਰੇ ਵਿੱਚ ਮੁਬਾਰਕ ਹੋਣਗੀਆਂ।
9 ਸੋ ਜਿਹੜੇ ਨਿਹਚਾ ਵਾਲੇ ਹਨ ਓਹ ਨਿਹਚਾਵਾਨ ਅਬਰਾਹਾਮ ਦੇ ਨਾਲ ਮੁਬਾਰਕ ਹਨ।
10 ਕਿਉਂਕਿ ਜਿੰਨੇ ਸ਼ਰਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਓਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਹਰੇਕ ਜਿਹੜਾ ਉਨ੍ਹਾਂ ਸਭਨਾਂ ਗੱਲਾਂ ਦੇ ਕਰਨ ਵਿੱਚ ਜਿਹੜੀਆਂ ਸ਼ਰਾ ਦੇ ਪੁਸਤਕ ਵਿੱਚ ਲਿਖੀਆਂ ਹਨ ਲੱਗਾ ਨਹੀਂ ਰਹਿੰਦਾ।
11 ਹੁਣ ਇਹ ਗੱਲ ਪਰਗਟ ਹੈ ਕਿ ਪਰਮੇਸ਼ੁਰ ਦੇ ਅੱਗੇ ਸ਼ਰਾ ਤੋਂ ਧਰਮੀ ਕੋਈ ਨਹੀਂ ਠਹਿਰਦਾ ਇਸ ਲਈ ਜੋ ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ।
12 ਅਤੇ ਸ਼ਰਾ ਨੂੰ ਨਿਹਚਾ ਨਾਲ ਕੁਝ ਵਾਸਤਾ ਨਹੀਂ ਸਗੋਂ ਜਿਹ ਨੇ ਓਹਨਾਂ ਹੁਕਮਾਂ ਦੀ ਪਾਲਨਾ ਕੀਤੀ ਸੋ ਓਹਨਾਂ ਤੋਂ ਜੀਉਂਦਾ ਰਹੇਗਾ।
13 ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਭਈ ਸਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ।
14 ਭਈ ਅਬਰਾਹਾਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਆਤਮਾ ਦੇ ਬਚਨ ਨੂੰ ਨਿਹਚਾ ਦੇ ਰਾਹੀਂ ਪਰਾਪਤ ਕਰੀਏ।
15 ਹੇ ਭਰਾਵੋ, ਮੈਂ ਮਨੁੱਖ ਵਾਂਙੁ ਬੋਲਦਾ ਹਾਂ- ਭਾਵੇਂ ਮਨੁੱਖ ਦਾ ਵਸੀਅਤ ਨਾਮਾ ਹੀ ਹੋਵੇ ਪਰ ਜਾਂ ਉਹ ਪੱਕਾ ਹੋ ਗਿਆ ਤਾਂ ਕੋਈ ਉਸ ਵਿੱਚ ਨਾ ਭੰਗ ਪਾਉਂਦਾ ਨਾ ਵਾਧਾ ਕਰਦਾ ਹੈ।
16 ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਬਚਨ ਦਿੱਤੇ ਗਏ ਸਨ। ਉਹ ਨਹੀਂ ਕਹਿੰਦਾ, ਅੰਸਾਂ ਨੂੰ , ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ ਤੇਰੀ ਅੰਸ ਨੂੰ, ਸੋ ਉਹ ਮਸੀਹ ਹੈ।
17 ਹੁਣ ਮੈਂ ਇਹ ਆਖਦਾ ਹਾਂ ਭਈ ਉਸ ਨੇਮ ਨੂੰ ਜੋ ਪਰਮੇਸ਼ੁਰ ਨੇ ਅੱਗੇ ਹੀ ਬੰਨ੍ਹਿਆ ਹੈ ਸੋ ਸ਼ਰਾ ਜਿਹੜੀ ਉਸ ਤੋਂ ਚਾਰ ਸੌ ਤੀਹਾਂ ਵਰਿਹਾਂ ਦੇ ਪਿੱਛੋਂ ਆਈ ਉਸ ਨੂੰ ਅਕਾਰਥ ਨਹੀਂ ਕਰਦੀ ਭਈ ਉਹ ਬਚਨ ਅਵਿਰਥਾ ਹੋ ਜਾਵੇ।
18 ਕਿਉਂਕਿ ਜੇ ਅਧਕਾਰ ਸ਼ਰਾ ਤੋਂ ਹੁੰਦਾ ਤਾਂ ਫੇਰ ਬਚਨ ਤੋਂ ਨਹੀਂ, ਪਰੰਤੂ ਪਰਮੇਸ਼ੁਰ ਨੇ ਅਬਰਾਹਾਮ ਲਈ ਉਹ ਨੂੰ ਬਚਨ ਦੇ ਰਾਹੀਂ ਦਾਨ ਕੀਤਾ ਹੈ।
19 ਫੇਰ ਸ਼ਰਾ ਕੀ ਹੈ ? ਉਹ ਅਪਰਾਧਾਂ ਦੇ ਕਾਰਨ ਨਾਲ ਰਲਾਈ ਗਈ ਕਿ ਜਿੰਨਾ ਚਿਰ ਉਹ ਅੰਸ ਜਿਹ ਨੂੰ ਬਚਨ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ ਅਤੇ ਉਹ ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ।
20 ਹੁਣ ਵਿਚੋਲਾ ਇੱਕ ਦਾ ਨਹੀਂ ਹੁੰਦਾ ਪਰੰਤੂ ਪਰਮੇਸ਼ੁਰ ਇੱਕੋ ਹੈ।
21 ਫੇਰ ਭਲਾ, ਸ਼ਰਾ ਪਰਮੇਸ਼ੁਰ ਦਿਆਂ ਬਚਨਾਂ ਦੇ ਵਿਰੁੱਧ ਹੈ ? ਕਦੇ ਨਹੀਂ ਕਿਉਂਕਿ ਜੇਕਰ ਅਜਿਹੀ ਸ਼ਰਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸੱਕਦੀ ਤਾਂ ਧਰਮ ਸੱਚੀ ਮੁੱਚੀ ਸ਼ਰਾ ਤੋਂ ਪਰਾਪਤ ਹੁੰਦਾ।
22 ਪਰ ਧਰਮ ਪੁਸਤਕ ਨੇ ਸਭਨਾਂ ਨੂੰ ਪਾਪ ਦੇ ਹੇਠਾਂ ਬੰਦ ਕਰ ਛੱਡਿਆ ਭਈ ਉਹ ਬਚਨ ਜਿਹੜਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਮਿਲਦਾ ਹੈ ਨਿਹਚਾ ਕਰਨ ਵਾਲਿਆਂ ਨੂੰ ਦਿੱਤਾ ਜਾਵੇ।
23 ਪਰ ਨਿਹਚਾ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਨਿਹਚਾ ਦੇ ਲਈ ਜਿਹੜੀ ਪਰਗਟ ਹੋਣੀ ਸੀ ਸ਼ਰਾ ਦੇ ਪਹਿਰੇ ਹੇਠ ਬੱਧੇ ਹੋਏ ਰਹਿੰਦੇ ਸਾਂ।
24 ਸੋ ਸ਼ਰਾ ਮਸੀਹ ਦੇ ਆਉਣ ਤੀਕੁਰ ਸਾਡੇ ਲਈ ਨਿਗਾਹਬਾਨ ਬਣੀ ਭਈ ਅਸੀਂ ਨਿਹਚਾ ਨਾਲ ਧਰਮੀ ਠਹਿਰਾਏ ਜਾਈਏ।
25 ਪਰ ਹੁਣ ਨਿਹਚਾ ਜੋ ਆਈ ਅਸੀਂ ਅਗਾਹਾਂ ਨੂੰ ਨਿਗਾਹਬਾਨ ਦੇ ਮਤਹਿਤ ਨਹੀਂ ਹਾਂ।
26 ਕਿਉਂ ਜੋ ਮਸੀਹ ਯਿਸੂ ਉੱਤੇ ਨਿਹਚਾ ਕਰਨ ਕਰਕੇ ਤੁਸੀਂ ਸੱਭੇ ਪਰਮੇਸ਼ੁਰ ਦੇ ਪੁੱਤ੍ਰ ਹੋ।
27 ਕਿਉਂ ਜੋ ਤੁਸਾਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ।
28 ਨਾ ਯਹੂਦੀ ਨਾ ਯੂਨਾਨੀ, ਨਾ ਗੁਲਾਮ ਨਾ ਅਜ਼ਾਦ, ਨਾ ਨਰ ਨਾ ਨਾਰੀ ਹੋ ਸੱਕਦਾ ਹੈ ਕਿਉਂ ਜੋ ਤੁਸੀਂ ਸੱਭੇ ਮਸੀਹ ਯਿਸੂ ਵਿੱਚ ਇੱਕੋ ਹੀ ਹੋ।
29 ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਬਚਨ ਦੇ ਅਨੁਸਾਰ ਅਧਕਾਰੀ ਹੋ।