੨ ਕੁਰਿੰਥੀਆਂ
ਕਾਂਡ 10
1 ਹੁਣ ਮੈਂ ਪੌਲੁਸ ਜੋ ਤੁਹਾਡੇ ਵਿੱਚ ਤੁਹਾਡੇ ਸਨਮੁਖ ਹੋ ਕੇ ਥੋੜ ਦਿਲਾ ਹਾਂ ਪਰ ਤੁਹਾਥੋਂ ਪਰੋਖੇ ਹੋ ਕੇ ਤੁਹਾਡੇ ਉੱਤੇ ਦਿਲੇਰ ਹਾਂ ਮਸੀਹ ਦੀ ਹਲੀਮੀ ਅਤੇ ਨਰਮਾਈ ਦੇ ਕਾਰਨ ਆਪ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ।
2 ਮੇਰੀ ਤੁਹਾਡੇ ਅੱਗੇ ਇਹ ਮਿੰਨਤ ਹੈ ਭਈ ਮੈਨੂੰ ਸਨਮੁਖ ਹੋ ਕੇ ਉਸ ਭਰੋਸੇ ਨਾਲ ਦਿਲੇਰ ਨਾ ਹੋਣਾ ਪਵੇ ਜਿਹ ਦੇ ਨਾਲ ਮੈਂ ਕਈਆਂ ਉੱਤੇ ਦਿਲੇਰ ਹੋਣ ਦੀ ਦਲੀਲ ਕਰਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲੇ ਜੇਹੇ ਸਮਝਦੇ ਹਨ।
3 ਅਸੀਂ ਭਾਵੇਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਜੁੱਧ ਨਹੀਂ ਕਰਦੇ।
4 ਇਸ ਲਈ ਜੋ ਸਾਡੇ ਜੁੱਧ ਦੇ ਸ਼ਸਤ੍ਰ ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਭਾਣੇ ਕਿਲ੍ਹਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ।
5 ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਈ ਉਹ ਮਸੀਹ ਦਾ ਆਗਿਆਕਾਰ ਹੋਵੇ।
6 ਅਤੇ ਜਾਂ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰਾਂ ਦੀ ਅਣਆਗਿਆਕਾਰੀ ਦਾ ਵੱਟਾ ਲੈਣ ਨੂੰ ਤਿਆਰ ਹਾਂ।
7 ਤੁਸੀਂ ਉਨ੍ਹਾਂ ਗੱਲਾਂ ਵੱਲ ਜੋ ਤੁਹਾਡੇ ਸਨਮੁਖ ਹਨ ਵੇਖਦੇ ਹੋ। ਜੇ ਕਿਸੇ ਨੂੰ ਇਹ ਭਰੋਸਾ ਹੋਵੇ ਜੋ ਉਹ ਆਪ ਮਸੀਹ ਦਾ ਹੈ ਤਾਂ ਉਹ ਫੇਰ ਇਹ ਆਪਣੇ ਆਪ ਵਿੱਚ ਸੋਚੇ ਭਈ ਜਿਵੇਂ ਉਹ ਮਸੀਹ ਦਾ ਹੈ ਤਿਵੇਂ ਅਸੀਂ ਵੀ ਹਾਂ
8 ਮੈਂ ਭਾਵੇਂ ਆਪਣੇ ਉਸ ਇਖ਼ਤਿਆਰ ਦੇ ਵਿਖੇ ਜਿਹੜਾ ਪ੍ਰਭੁ ਨੇ ਸਾਨੂੰ ਤੁਹਾਡੇ ਢਾਹੁਣ ਲਈ ਨਹੀਂ ਸਗੋਂ ਤੁਹਾਡੇ ਬਣਾਉਣ ਲਈ ਦਿੱਤਾ ਕੁਝ ਵਧ ਕੇ ਅਭਮਾਨ ਕਰਾਂ ਤਾਂ ਵੀ ਮੈਂ ਲੱਜਿਆਵਾਨ ਨਹੀਂ ਹੋਵਾਂਗਾ।
9 ਭਈ ਮੈਂ ਇਉਂ ਮਲੂਮ ਨਾ ਹੋਵਾਂ ਜਿਵੇਂ ਤੁਹਾਨੂੰ ਪੱਤ੍ਰੀਆਂ ਨਾਲ ਡਰਾਉਣ ਵਾਲਾ ਹਾਂ।
10 ਕਿਉਂ ਜੋ ਕਹਿੰਦੇ ਹਨ ਭਈ ਉਹ ਦੀਆਂ ਪੱਤ੍ਰੀਆਂ ਤਾਂ ਭਾਰੀਆਂ ਅਤੇ ਤਕੜੀਆਂ ਹਨ ਪਰ ਆਪ ਦੇਹੀ ਨਾਲ ਸਨਮੁਖ ਹੋ ਕੇ ਨਿਰਬਲ ਹੈ ਅਤੇ ਉਹ ਦਾ ਬਚਨ ਤੁੱਛ ਹੈ।
11 ਅਜਿਹਾ ਕਹਿਣ ਵਾਲਾ ਇਹ ਸਮਝ ਰੱਖੇ ਭਈ ਜਿਹੋ ਜਿਹੇ ਪਰੋਖੇ ਹੋ ਕੇ ਅਸੀਂ ਪੱਤ੍ਰੀਆਂ ਦੁਆਰਾ ਬਚਨ ਵਿੱਚ ਹਾਂ ਉਹੋ ਜਿਹੇ ਸਨਮੁਖ ਹੋ ਕੇ ਕੰਮ ਵਿੱਚ ਵੀ ਹਾਂ।
12 ਕਿਉਂਕਿ ਸਾਡਾ ਇਹ ਹਿਆਉ ਨਹੀਂ ਪੈਂਦਾ ਜੋ ਅਸੀਂ ਆਪਣੇ ਆਪ ਨੂੰ ਉਨ੍ਹਾਂ ਵਿੱਚੋਂ ਕਈਆਂ ਨਾਲ ਗਿਣੀਏ ਅਥਵਾ ਮਿਲਾ ਮਿਲਾ ਕੇ ਵੇਖੀਏ ਜਿਹੜੇ ਆਪਣੀ ਨੇਕ ਨਾਮੀ ਜਤਾਉਂਦੇ ਹਨ ਪਰ ਓਹ ਆਪ ਹੀ ਆਪਣੇ ਆਪ ਨੂੰ ਆਪਣੇ ਆਪ ਨਾਲ ਮਿਚਾ ਮਿਚਾ ਕੇ ਅਤੇ ਆਪਣੇ ਆਪ ਨੂੰ ਆਪਣੇ ਆਪ ਨਾਲ ਮਿਲਾ ਮਿਲਾ ਕੇ ਬੇਸਮਝ ਠਹਿਰਦੇ ਹਨ।
13 ਪਰ ਅਸੀਂ ਮੇਚਿਓਂ ਬਾਹਰ ਨਹੀਂ ਸਗੋਂ ਉਸ ਮੇਚੇ ਦੇ ਅੰਦਾਜ਼ੇ ਅਨੁਸਾਰ ਅਭਮਾਨ ਕਰਾਂਗੇ ਜੋ ਪਰਮੇਸ਼ੁਰ ਨੇ ਸਾਨੂੰ ਵੰਡ ਦਿੱਤਾ। ਉਹ ਮੇਚਾ ਤੁਹਾਡੇ ਤੀਕ ਵੀ ਪਹੁੰਚਦਾ ਹੈ।
14 ਅਸੀਂ ਆਪਣੇ ਆਪ ਨੂੰ ਹੱਦੋਂ ਬਾਹਰ ਨਹੀਂ ਵਧਾਉਂਦੇ ਹਾਂ ਭਈ ਜਾਣੀਦਾ ਸਾਡੀ ਪਹੁੰਚ ਤੁਸਾਂ ਤੀਕ ਨਾ ਹੁੰਦੀ ਇਸ ਲਈ ਜੋ ਅਸੀਂ ਤਾਂ ਮਸੀਹ ਦੀ ਖੁਸ਼ ਖਬਰੀ ਸੁਣਾਉਂਦੇ ਹੋਏ ਤੁਸਾਂ ਤੋੜੀ ਅਗੇਤਰੇ ਅੱਪੜ ਪਏ।
15 ਅਸੀਂ ਮੇਚਿਓਂ ਬਾਹਰ ਹੋ ਕੇ ਹੋਰਨਾਂ ਦੀਆਂ ਮਿਹਨਤਾਂ ਉੱਤੇ ਅਭਮਾਨ ਨਹੀਂ ਕਰਦੇ ਹਾਂ ਪਰ ਸਾਨੂੰ ਆਸ ਹੈ ਭਈ ਜਿਉਂ ਜਿਉਂ ਤੁਹਾਡੀ ਨਿਹਚਾ ਵਧਦੀ ਜਾਵੇ ਤਿਉਂ ਤਿਉਂ ਅਸੀਂ ਆਪਣੇ ਹਲਕੇ ਦੇ ਵਿੱਚ ਵਧਾਏ ਜਾਵਾਂਗੇ।
16 ਭਈ ਅਸੀਂ ਤੁਹਾਥੋਂ ਪਰੇਡੇ ਦੇਸਾਂ ਵਿੱਚ ਖੁਸ਼ ਖਬਰੀ ਸੁਣਾਈਏ ਅਤੇ ਹੋਰਨਾਂ ਦਿਆਂ ਹਲਕਿਆਂ ਵਿੱਚ ਉਨ੍ਹਾਂ ਗੱਲਾਂ ਉੱਤੇ ਜੋ ਸਾਡੇ ਲਈ ਤਿਆਰ ਕੀਤੀਆਂ ਹੋਈਆਂ ਹਨ ਅਭਮਾਨ ਨਾ ਕਰੀਏ।
17 ਪਰ ਜੇ ਕੋਈ ਅਭਮਾਨ ਕਰਦਾ ਹੈ ਸੋ ਪ੍ਰਭੁ ਵਿੱਚ ਅਭਮਾਨ ਕਰੇ।
18 ਕਿਉਂਕਿ ਜੋ ਆਪਣੀ ਨੇਕ ਨਾਮੀ ਜਤਾਉਂਦਾ ਹੈ ਸੋ ਨਹੀਂ ਸਗੋਂ ਉਹ ਪਰਵਾਨ ਹੁੰਦਾ ਹੈ ਜਿਹ ਦੀ ਪ੍ਰਭੁ ਨੇਕ ਨਾਮੀ ਕਰਦਾ ਹੈ।