ਯੂਹੰਨਾ
ਕਾਂਡ 1
1 ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ।
2 ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ।
3 ਸੱਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੂ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ।
4 ਉਸ ਵਿੱਚ ਜੀਉਣ ਸੀ ਅਤੇ ਉਹ ਜੀਉਣ ਇਨਸਾਨ ਦਾ ਚਾਨਣ ਸੀ।
5 ਉਹ ਚਾਨਣ ਅਨ੍ਹੇਰੇ ਵਿੱਚ ਚਮਕਦਾ ਹੈ ਪਰ ਅਨ੍ਹੇਰੇ ਨੇ ਉਹ ਨੂੰ ਨਾ ਬੁਝਾਇਆ।
6 ਪਰਮੇਸ਼ੁਰ ਦੀ ਵੱਲੋਂ ਯੂਹੰਨਾ ਨਾਮੇ ਇੱਕ ਮਨੁੱਖ ਭੇਜਿਆ ਹੋਇਆ ਸੀ।
7 ਇਹ ਸਾਖੀ ਦੇ ਲਈ ਆਇਆ ਭਈ ਚਾਨਣ ਉੱਤੇ ਸਾਖੀ ਦੇਵੇ ਤਾਂ ਜੋ ਸਭ ਲੋਕ ਉਹ ਦੇ ਰਾਹੀਂ ਨਿਹਚਾ ਕਰਨ।
8 ਉਹ ਆਪ ਤਾਂ ਚਾਨਣ ਨਹੀਂ ਸੀ ਪਰ ਉਹ ਚਾਨਣ ਉੱਤੇ ਸਾਖੀ ਦੇਣ ਆਇਆ ਸੀ।
9 ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ।
10 ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਤਾ।
11 ਉਹ ਆਪਣੇ ਘਰ ਆਇਆ ਅਰ ਜਿਹੜੇ ਉਸ ਦੇ ਆਪਣੇ ਸਨ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ।
12 ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ ਅਰਥਾਤ ਜਿੰਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ।
13 ਓਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾ ਪੁਰਖ ਦੀ ਇੱਛਿਆ ਤੋਂ, ਪਰ ਪਰਮੇਸ਼ੁਰ ਤੋਂ ਪੈਦਾ ਹੋਏ।
14 ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ।
15 ਯੂਹੰਨਾ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਪੁਕਾਰ ਕੇ ਆਖਿਆ, ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਿਆ ਕਿ ਜੋ ਮੇਰੇ ਮਗਰੋਂ ਆਉਣ ਵਾਲਾ ਹੈ ਸੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ।
16 ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾ।
17 ਤੁਰੇਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਕਿਰਪਾ ਅਤੇ ਸਚਿਆਈ ਯਿਸੂ ਮਸੀਹ ਤੋਂ ਪਹੁੰਚੀ
18 ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ ਇਕਲੌਤਾ ਪੁੱਤ੍ਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਹ ਨੂੰ ਪਰਗਟ ਕੀਤਾ।
19 ਯੂਹੰਨਾ ਦੀ ਇਹ ਸਾਖੀ ਹੈ ਜਦ ਯਹੂਦੀਆਂ ਨੇ ਯਰੂਸ਼ਲਮ ਤੋਂ ਜਾਜਕਾਂ ਅਤੇ ਲੇਵੀਆਂ ਨੂੰ ਉਹ ਦੇ ਕੋਲ ਘੱਲਿਆ ਭਈ ਉਸ ਤੋਂ ਪੁੱਛਣ, ਤੂੰ ਕੌਣ ਹੈਂ?
20 ਤਦ ਉਸ ਨੇ ਮੰਨ ਲਿਆ ਅਤੇ ਮੁੱਕਰਿਆ ਨਾ ਸਗੋਂ ਮੰਨ ਲਿਆ ਕਿ ਮੈਂ ਮਸੀਹ ਨਹੀਂ ਹਾਂ।
21 ਤਾਂ ਉਨ੍ਹਾਂ ਨੇ ਉਸ ਤੋਂ ਪੁੱਛਿਆ, ਫੇਰ ਕੀ ਤੂੰ ਏਲੀਯਾਹ ਹੈਂ ? ਉਸ ਨੇ ਆਖਿਆ, ਮੈਂ ਨਹੀਂ ਹਾਂ। ਭਲਾ, ਤੂੰ ਉਹ ਨਬੀ ਹੈਂ ? ਤਾਂ ਉਸ ਨੇ ਉੱਤਰ ਦਿੱਤਾ, ਨਹੀਂ।
22 ਉਪਰੰਤ ਉਨ੍ਹਾਂ ਨੇ ਉਸ ਨੂੰ ਆਖਿਆ, ਫੇਰ ਤੂੰ ਕੌਣ ਹੈਂ ਤਾਂ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇਈਏ? ਤੂੰ ਆਪਣੇ ਵਿਖੇ ਕੀ ਆਖਦਾ ਹੈਂ?
23 ਉਸ ਨੇ ਕਿਹਾ ਕਿ ਜਿਸ ਪਰਕਾਰ ਯਸਾਯਾਹ ਨਬੀ ਨੇ ਆਖਿਆ, ਮੈਂ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼ ਹਾਂ ਕਿ ਪ੍ਰਭੁ ਦਾ ਰਸਤਾ ਸਿੱਧਾ ਕਰੋ।
24 ਅਤੇ ਓਹ ਫ਼ਰੀਸੀਆਂ ਵੱਲੋਂ ਭੇਜੇ ਹੋਏ ਸਨ।
25 ਫੇਰ ਉਨ੍ਹਾਂ ਨੇ ਉਸ ਤੋਂ ਪੁੱਛ ਕੇ ਉਸ ਨੂੰ ਕਿਹਾ, ਜੇ ਤੂੰ ਨਾ ਮਸੀਹ ਹੈਂ, ਨਾ ਏਲੀਯਾਹ, ਨਾ ਉਹ ਨਬੀ, ਤਾਂ ਫੇਰ ਤੂੰ ਬਪਤਿਸਮਾ ਕਿਉਂ ਦਿੰਦਾ ਹੈਂ?
26 ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਜਲ ਨਾਲ ਬਪਤਿਸਮਾ ਦਿੰਦਾ ਹਾਂ ਪਰ ਤੁਹਾਡੇ ਵਿਚਕਾਰ ਇੱਕ ਖਲੋਤਾ ਹੈ ਜਿਹ ਨੂੰ ਤੁਸੀਂ ਨਹੀਂ ਪਛਾਣਦੇ।
27 ਉਹੀ ਜੋ ਮੇਰੇ ਮਗਰੋਂ ਆਉਣ ਵਾਲਾ ਹੈ ਜਿਹ ਦੀ ਜੁੱਤੀ ਦਾ ਤਸਮਾ ਮੈਂ ਖੋਲ੍ਹਣ ਦੇ ਜੋਗ ਨਹੀਂ ਹਾਂ।
28 ਏਹ ਗੱਲਾਂ ਯਰਦਨ ਦੇ ਪਾਰ ਬੈਤਅਨੀਆ ਵਿੱਚ ਹੋਈਆਂ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਸੀ।
29 ਦੂਜੇ ਦਿਨ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸ ਨੇ ਆਖਿਆ, ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!
30 ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਦਾ ਸਾਂ ਕਿ ਮੇਰੇ ਮਗਰੋਂ ਇੱਕ ਪੁਰਸ਼ ਆਉਂਦਾ ਹੈ ਜੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ।
31 ਮੈਂ ਤਾਂ ਉਹ ਨੂੰ ਨਹੀਂ ਜਾਣਦਾ ਸਾਂ ਪਰ ਮੈਂ ਜਲ ਨਾਲ ਬਪਤਿਸਮਾ ਇਸ ਲਈ ਦਿੰਦਾ ਆਇਆ ਭਈ ਉਹ ਇਸਰਾਏਲ ਉੱਤੇ ਪਰਗਟ ਹੋਵੇ।
32 ਯੂਹੰਨਾ ਨੇ ਇਹ ਸਾਖੀ ਦੇ ਕੇ ਆਖਿਆ ਕਿ ਮੈਂ ਆਤਮਾ ਨੂੰ ਕਬੂਤਰ ਦੀ ਨਿਆਈਂ ਅਕਾਸ਼ੋਂ ਉੱਤਰਦਾ ਵੇਖਿਆ ਅਤੇ ਉਹ ਉਸ ਉੱਤੇ ਠਹਿਰਿਆ।
33 ਅਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ ਪਰ ਜਿਹ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ ਉਸੇ ਨੇ ਮੈਨੂੰ ਆਖਿਆ ਕਿ ਜਿਹ ਦੇ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਉਸ ਉੱਤੇ ਠਹਿਰਦਾ ਵੇਖੇਂ ਇਹ ਉਹੋ ਹੈ ਜੋ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ।
34 ਸੋ ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ੁਰ ਦਾ ਪੁੱਤ੍ਰ ਹੈਗਾ।
35 ਦੂਜੇ ਦਿਨ ਯੂਹੰਨਾ ਅਤੇ ਉਹ ਦੇ ਚੇਲਿਆਂ ਵਿੱਚੋਂ ਦੋ ਜਣੇ ਖਲੋਤੇ ਹੋਏ ਸਨ।
36 ਅਤੇ ਉਸ ਨੇ ਯਿਸੂ ਨੂੰ ਤੁਰਿਆ ਜਾਂਦਾ ਵੇਖ ਕੇ ਆਖਿਆ, ਵੇਖੋ ਪਰਮੇਸ਼ੁਰ ਦਾ ਲੇਲਾ!
37 ਤਾਂ ਓਹ ਦੋਵੇਂ ਚੇਲੇ ਉਸ ਦੀ ਗੱਲ ਸੁਣ ਕੇ ਯਿਸੂ ਦੇ ਮਗਰ ਤੁਰ ਪਏ।
38 ਤਾਂ ਯਿਸੂ ਨੇ ਪਿਛਾਹਾਂ ਮੁੜ ਕੇ ਅਤੇ ਉਨ੍ਹਾਂ ਨੂੰ ਮਗਰ ਆਉਂਦੇ ਵੇਖ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਭਾਲਦੇ ਹੋ? ਉਹਨਾਂ ਉਸਨੂੰ ਆਖਿਆ, ਹੇ ਰੱਬੀ! (ਅਰਥਾਤ ਹੇ ਗੁਰੂ!), ਤੁਸੀਂ ਕਿੱਥੇ ਟਿਕਦੇ ਹੋ ?
39 ਉਸ ਨੇ ਉਨ੍ਹਾਂ ਨੂੰ ਆਖਿਆ, ਆਓ ਤਾਂ ਵੇਖੋਗੇ। ਸੋ ਓਹ ਗਏ ਅਰ ਜਿੱਥੇ ਉਹ ਰਹਿੰਦਾ ਸੀ ਵੇਖਿਆ ਅਤੇ ਉਸ ਦਿਨ ਉਹ ਦੇ ਸੰਗ ਰਹੇ। ਉਸ ਵੇਲੇ ਸਵਾ ਤਿੰਨਕੁ ਪਹਿਰ ਦਿਨ ਗਿਆ ਸੀ।
40 ਉਨ੍ਹਾਂ ਦੋਹਾਂ ਵਿੱਚੋਂ ਜਿਨ੍ਹਾਂ ਨੇ ਯੂਹੰਨਾ ਦੀ ਗੱਲ ਸੁਣੀ ਅਤੇ ਯਿਸੂ ਦੇ ਮਗਰ ਹੋ ਤੁਰੇ ਇੱਕ ਸ਼ਮਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ।
41 ਉਸ ਨੇ ਆਪਣੇ ਸਕੇ ਭਰਾ ਸ਼ਮਊਨ ਨੂੰ ਪਹਿਲਾਂ ਲੱਭ ਕੇ ਉਹ ਨੂੰ ਕਿਹਾ ਕਿ ਅਸਾਂ ਮਸੀਹ ਨੂੰ ਅਰਥਾਤ ਖ੍ਰਿਸਟੁਸ ਨੂੰ ਲੱਭ ਲਿਆ ਹੈ!
42 ਉਹ ਉਸ ਨੂੰ ਯਿਸੂ ਕੋਲ ਲਿਆਇਆ ਅਤੇ ਯਿਸੂ ਨੇ ਉਸ ਉੱਤੇ ਦ੍ਰਿਸ਼ਟ ਕਰ ਕੇ ਕਿਹਾ ਜੋ ਤੂੰ ਯੂਹੰਨਾ ਦਾ ਪੁੱਤ੍ਰ ਸ਼ਮਊਨ ਹੈਂ, ਤੂੰ ਕੇਫ਼ਾਸ ਅਰਥਾਤ ਪਤਰਸ ਸਦਾਵੇਂਗਾ।
43 ਅਗਲੇ ਭਲਕ ਯਿਸੂ ਨੇ ਚਾਹਿਆ ਜੋ ਉੱਥੋਂ ਨਿੱਕਲ ਕੇ ਗਲੀਲ ਵਿੱਚ ਜਾਵੇ। ਤਾਂ ਫ਼ਿਲਿੱਪੁਸ ਨੂੰ ਲੱਭ ਕੇ ਉਹ ਨੂੰ ਆਖਿਆ ਭਈ ਮੇਰੇ ਪਿੱਛੇ ਹੋ ਤੁਰ।
44 ਅਤੇ ਫ਼ਿਲਿੱਪੁਸ ਬੈਤਸੈਦੇ ਦਾ ਸੀ ਜੋ ਅੰਦ੍ਰਿਯਾਸ ਅਰ ਪਤਰਸ ਦਾ ਨਗਰ ਹੈ।
45 ਫ਼ਿਲਿੱਪੁਸ ਨੇ ਨਥਾਨਿਏਲ ਨੂੰ ਲੱਭ ਕੇ ਉਹ ਨੂੰ ਆਖਿਆ ਕਿ ਜਿਹ ਦੇ ਵਿਖੇ ਮੂਸਾ ਨੇ ਤੁਰੇਤ ਵਿੱਚ ਅਤੇ ਨਬੀਆਂ ਨੇ ਲਿਖਿਆ ਸੋ ਅਸਾਂ ਉਸ ਨੂੰ ਲੱਭ ਪਿਆ ਹੈ, ਉਸ ਯੂਸੁਫ਼ ਦਾ ਪੁੱਤ੍ਰ ਯਿਸੂ ਨਾਸਰਤ ਦਾ ਹੈ।
46 ਤਾਂ ਨਥਾਨਿਏਲ ਨੇ ਉਸ ਨੂੰ ਆਖਿਆ, ਭਲਾ, ਨਾਸਰਤ ਵਿੱਚੋਂ ਕੋਈ ਉੱਤਮ ਵਸਤੁ ਨਿੱਕਲ ਸੱਕਦੀ ਹੈ? ਫ਼ਿਲਿੱਪੁਸ ਨੇ ਉਹ ਨੂੰ ਆਖਿਆ, ਆ ਤੇ ਵੇਖ।
47 ਯਿਸੂ ਨੇ ਨਥਾਨਿਏਲ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਹ ਦੇ ਵਿਖੇ ਆਖਿਆ, ਵੇਖੋ ਸੱਚਾ ਇਸਰਾਏਲੀ ਜਿਹ ਦੇ ਵਿੱਚ ਛੱਲ ਨਹੀਂ ਹੈ।
48 ਨਥਾਨਿਏਲ ਨੇ ਉਸ ਨੂੰ ਆਖਿਆ, ਤੁਸੀਂ ਮੈਨੂੰ ਕਿੱਥੋਂ ਜਾਣਦੇ ਹੋ ? ਯਿਸੂ ਨੇ ਉਹ ਨੂੰ ਉੱਤਰ ਦਿੱਤਾ ਭਈ ਉਸ ਤੋਂ ਪਹਿਲਾਂ ਜੋ ਫ਼ਿਲਿੱਪੁਸ ਨੇ ਤੈਨੂੰ ਸੱਦਿਆ ਜਾਂ ਤੂੰ ਹੰਜੀਰ ਦੇ ਬਿਰਛ ਹੇਠ ਸੈਂ, ਮੈਂ ਤੈਨੂੰ ਡਿੱਠਾ। 49 ਨਥਾਨਿਏਲ ਨੇ ਉਸ ਨੂੰ ਉੱਤਰ ਦਿੱਤਾ, ਸੁਆਮੀ ਜੀ ਤੁਸੀਂ ਪਰਮੇਸ਼ੁਰ ਦੇ ਪੁੱਤ੍ਰ ਹੋ, ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ !
50 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸ ਲਈ ਨਿਹਚਾ ਕਰਦਾ ਹੈਂ ਜੋ ਮੈਂ ਤੈਨੂੰ ਕਿਹਾ ਕਿ ਹੰਜੀਰ ਦੇ ਬਿਰਛ ਹੇਠ ਮੈਂ ਤੈਨੂੰ ਵੇਖਿਆ ? ਤੂੰ ਇਨ੍ਹਾਂ ਨਾਲੋਂ ਵੱਡੀਆਂ ਗੱਲਾਂ ਵੇਖੇਂਗਾ!
51 ਫੇਰ ਉਸ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਤੁਸੀਂ ਅਕਾਸ਼ ਨੂੰ ਖੁਲ੍ਹਾ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਪੁੱਤ੍ਰ ਉੱਤੇ ਚੜ੍ਹਦੇ ਅਤੇ ਉੱਤਰਦੇ ਵੇਖੋਗੇ।