ਮੱਤੀ
ਕਾਂਡ 27
1 ਜਾਂ ਸਵੇਰ ਹੋਈ ਤਾਂ ਸਾਰੇ ਪਰਧਾਨ ਜਾਜਕਾਂ ਅਤੇ ਲੋਕਾਂ ਦੇ ਬਜੁਰਗਾਂ ਨੇ ਯਿਸੂ ਦੇ ਵਿਰੁੱਧ ਮਤਾ ਪਕਾਇਆ ਜੋ ਉਹ ਨੂੰ ਜਾਨੋਂ ਮਾਰ ਸੁੱਟਣ।
2 ਅਤੇ ਉਹ ਨੂੰ ਬੰਨ੍ਹ ਕੇ ਲੈ ਗਏ ਅਰ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ।
3 ਤਦ ਯਹੂਦਾ ਜਿਹ ਨੇ ਉਸ ਨੂੰ ਫੜਵਾਇਆ ਸੀ ਇਹ ਵੇਖ ਕੇ ਜੋ ਉਸ ਉੱਤੇ ਸਜਾ ਦਾ ਹੁਕਮ ਹੋ ਗਿਆ ਹੈ ਪਛਤਾਇਆ ਅਤੇ ਓਹ ਤੀਹ ਰੁਪਏ ਪਰਧਾਨ ਜਾਜਕਾਂ ਅਰ ਬਜੁਰਗਾਂ ਕੋਲ ਮੋੜ ਲਿਆਇਆ।
4 ਅਤੇ ਬੋਲਿਆ, ਮੈਂ ਪਾਪ ਕੀਤਾ ਜੋ ਨਿਰਦੋਸ਼ ਜਿੰਦ ਨੂੰ ਫੜਵਾ ਦਿੱਤਾ। ਓਹ ਬੋਲੇ, ਸਾਨੂੰ ਕੀ? ਤੂੰ ਹੀ ਜਾਣ।
5 ਅਤੇ ਉਹ ਉਨ੍ਹਾਂ ਰੁਪਿਆਂ ਨੂੰ ਹੈਕਲ ਵਿੱਚ ਸੁੱਟ ਕੇ ਚੱਲਿਆ ਗਿਆ ਅਰ ਜਾਕੇ ਆਪੇ ਫਾਹਾ ਲੈ ਲਿਆ।
6 ਅਤੇ ਪਰਧਾਨ ਜਾਜਕਾਂ ਨੇ ਰੁਪਏ ਲੈ ਕੇ ਆਖਿਆ ਜੋ ਇਨ੍ਹਾਂ ਨੂੰ ਖ਼ਜ਼ਾਨੇ ਵਿੱਚ ਪਾਉਣਾ ਜੋਗ ਨਹੀਂ ਕਿਉਂਕਿ ਲਹੂ ਦਾ ਮੁੱਲ ਹੈ।
7 ਤਾਂ ਉਨ੍ਹਾਂ ਨੇ ਮਤਾ ਕਰ ਕੇ ਉਨ੍ਹਾਂ ਨਾਲ ਇੱਕ ਘੁਮਿਆਰ ਦਾ ਖੇਤ ਪਰਦੇਸੀਆਂ ਦੇ ਦੱਬਣ ਦੇ ਲਈ ਮੁੱਲ ਲਿਆ।
8 ਇਸ ਕਾਰਨ ਉਹ ਖੇਤ ਅੱਜ ਤੀਕਰ ਲਹੂ ਦਾ ਖੇਤ ਕਹਾਉਂਦਾ ਹੈ।
9 ਤਦ ਜਿਹੜਾ ਬਚਨ ਯਿਰਮਿਯਾਹ ਨਬੀ ਦੀ ਰਾਹੀਂ ਕਿਹਾ ਗਿਆ ਸੀ ਪੂਰਾ ਹੋਇਆ ਕਿ ਉਨ੍ਹਾਂ ਨੇ ਤੀਹ ਰੁਪਏ ਲਏ ਅਰਥਾਤ ਉਸ ਦਾ ਮੁੱਲ ਜਿਹ ਦਾ ਇਸਰਾਏਲ ਦੇ ਵੰਸ ਦੇ ਵਿੱਚੋਂ ਕਿੰਨਿਆਂ ਨੇ ਮੁੱਲ ਠਹਿਰਾਇਆ।
10 ਅਤੇ ਉਨ੍ਹਾਂ ਨੂੰ ਘੁਮਿਆਰ ਦੇ ਖੇਤ ਦੇ ਬਦਲੇ ਦਿੱਤਾ ਜਿਵੇਂ ਪ੍ਰਭੁ ਨੇ ਮੈਨੂੰ ਆਗਿਆ ਕੀਤੀ।
11 ਯਿਸੂ ਹਾਕਮ ਦੇ ਸਾਹਮਣੇ ਖੜਾ ਸੀ ਅਰ ਹਾਕਮ ਨੇ ਉਸ ਤੋਂ ਇਹ ਪੁੱਛਿਆ, ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ? ਯਿਸੂ ਨੇ ਉਹ ਨੂੰ ਆਖਿਆ, ਤੂੰ ਸਤ ਆਖਿਆ ਹੈ।
12 ਜਦ ਪਰਧਾਨ ਜਾਜਕ ਅਰ ਬਜੁਰਗ ਉਸ ਉੱਤੇ ਦੋਸ਼ ਲਾਉਂਦੇ ਸਨ ਉਹ ਕੁਝ ਜਵਾਬ ਨਹੀਂ ਸੀ ਦਿੰਦਾ।
13 ਤਦ ਪਿਲਾਤੁਸ ਨੇ ਉਹ ਨੂੰ ਕਿਹਾ, ਤੂੰ ਸੁਣਦਾ ਨਹੀਂ ਜੋ ਇਹ ਤੇਰੇ ਵਿਰੁੱਧ ਕਿੰਨੀਆਂ ਉਗਾਹੀਆਂ ਦਿੰਦੇ ਹਨ?
14 ਪਰ ਓਸ ਉਹ ਨੂੰ ਇੱਕ ਗੱਲ ਦਾ ਵੀ ਜਵਾਬ ਨਾ ਦਿੱਤਾ ਐਥੋਂ ਤੀਕ ਜੋ ਹਾਕਮ ਨੇ ਬਹੁਤ ਅਚਰਜ ਮੰਨਿਆ।
15 ਅਤੇ ਹਾਕਮ ਦਾ ਇਹ ਦਸਤੂਰ ਸੀ ਜੋ ਉਸ ਤਿਉਹਾਰ ਨੂੰ ਲੋਕਾਂ ਦੀ ਖ਼ਾਤਰ ਇੱਕ ਕੈਦੀ ਜਿਹ ਨੂੰ ਓਹ ਚਾਹੁੰਦੇ ਸਨ ਛੱਡਦਾ ਹੁੰਦਾ ਸੀ।
16 ਅਰ ਉਸ ਵੇਲੇ ਉਨ੍ਹਾਂ ਦਾ ਬਰੱਬਾ ਕਰਕੇ ਇੱਕ ਨਾਮੀ ਕੈਦੀ ਸੀ।
17 ਸੋ ਜਾਂ ਓਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਹ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖ਼ਾਤਰ ਛੱਡ ਦਿਆਂ, ਬਰੱਬਾ ਨੂੰ ਯਾ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ?
18 ਕਿਉਂਕਿ ਉਹ ਜਾਣਦਾ ਸੀ ਜੋ ਉਨ੍ਹਾਂ ਉਸ ਨੂੰ ਖਾਰ ਦੇ ਮਾਰੇ ਹਵਾਲੇ ਕੀਤਾ ਸੀ।
19 ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ ਉਹ ਦੀ ਪਤਨੀ ਨੇ ਉਹ ਨੂੰ ਅਖਵਾ ਭੇਜਿਆ ਜੋ ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਫਨੇ ਵਿੱਚ ਉਸ ਦੇ ਕਾਰਨ ਵੱਡਾ ਦੁਖ ਡਿੱਠਾ।
20 ਪਰ ਪਰਧਾਨ ਜਾਜਕਾਂ ਅਤੇ ਬਜੁਰਗਾਂ ਨੇ ਲੋਕਾਂ ਨੂੰ ਉਭਾਰਿਆ ਜੋ ਬਰੱਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ ਕਰੋ।
21 ਫੇਰ ਹਾਕਮ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਹ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖ਼ਾਤਰ ਛੱਡ ਦਿਆਂ? ਓਹ ਬੋਲੇ, ਬਰੱਬਾ ਨੂੰ!
22 ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਫੇਰ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ ਮੈਂ ਕੀ ਕਰਾਂ? ਓਹ ਸਭ ਬੋਲੇ, ਸਲੀਬ ਦਿਓ!
23 ਪਰ ਉਸ ਨੇ ਆਖਿਆ, ਉਹ ਨੇ ਕੀ ਬੁਰਿਆਈ ਕੀਤੀ ਹੈ ? ਪਰ ਉਨ੍ਹਾਂ ਨੇ ਹੋਰ ਵੀ ਡੰਡ ਪਾ ਕੇ ਆਖਿਆ, ਇਹ ਨੂੰ ਸਲੀਬ ਦਿਓ!
24 ਜਦ ਪਿਲਾਤੁਸ ਨੇ ਵੇਖਿਆ ਜੋ ਕੁਝ ਨਹੀਂ ਬਣਦਾ ਸਗੋਂ ਹੋਰ ਵੀ ਰੌਲਾ ਪੈਂਦਾ ਜਾਂਦਾ ਹੈ ਤਦ ਉਹ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਕਿਹਾ, ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ। ਤੁਸੀਂ ਜਾਣੋ।
25 ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹ ਦਾ ਲਹੂ ਸਾਡੇ ਉੱਤੇ ਅਰ ਸਾਡੀ ਉਲਾਦ ਉੱਤੇ ਹੋਵੇ!
26 ਤਦ ਉਸ ਨੇ ਬਰੱਬਾ ਨੂੰ ਉਨ੍ਹਾਂ ਦੀ ਖ਼ਾਤਰ ਛੱਡ ਦਿੱਤਾ ਪਰ ਯਿਸੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕੀਤਾ।
27 ਤਦ ਹਾਕਮ ਦੇ ਸਿਪਾਹੀਆਂ ਨੇ ਯਿਸੂ ਨੂੰ ਦਿਵਾਨਖ਼ਾਨੇ ਵਿੱਚ ਲੈ ਜਾ ਕੇ ਸਾਰਾ ਜੱਥਾ ਉਹ ਦੇ ਕੋਲ ਇਕੱਠਾ ਕੀਤਾ।
28 ਅਤੇ ਉਹ ਦੇ ਕੱਪੜੇ ਲਾਹ ਕੇ ਕਿਰਮਚੀ ਚੋਗ਼ਾ ਉਹ ਨੂੰ ਪੁਆਇਆ।
29 ਅਤੇ ਉਨ੍ਹਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਹ ਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹ ਦੇ ਸੱਜੇ ਹੱਥ ਵਿੱਚ ਦਿੱਤਾ ਅਰ ਉਹ ਦੇ ਸਾਹਮਣੇ ਗੋਡੇ ਨਿਵਾਏ ਅਤੇ ਉਹ ਨੂੰ ਠੱਠਾ ਮਾਰ ਕੇ ਆਖਿਆ, ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!
30 ਅਤੇ ਉਨ੍ਹਾਂ ਨੇ ਉਸ ਉੱਤੇ ਥੁੱਕਿਆ ਅਰ ਉਹ ਕਾਨਾ ਲੈਕੇ ਉਹ ਦੇ ਸਿਰ ਉੱਤੇ ਮਾਰਿਆ।
31 ਜਦ ਉਹ ਨੂੰ ਠੱਠਾ ਕਰ ਹਟੇ ਤਦ ਉਨ੍ਹਾਂ ਨੇ ਉਹ ਚੋਗ਼ਾ ਉਹ ਦੇ ਉੱਤੋਂ ਲਾਹ ਲਿਆ ਅਰ ਉਸੇ ਦੇ ਕੱਪੜੇ ਉਹ ਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਹ ਨੂੰ ਲੈ ਗਏ।
32 ਜਦ ਓਹ ਬਾਹਰ ਜਾਂਦੇ ਸਨ ਉਨ੍ਹਾਂ ਨੇ ਸ਼ਮਊਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ ਲੱਭਿਆ। ਉਹ ਨੂੰ ਵਿਗਾਰੇ ਫੜਿਆ ਭਈ ਉਹ ਦੀ ਸਲੀਬ ਚੁੱਕ ਕੇ ਲੈ ਚੱਲੇ।
33 ਅਤੇ ਜਾਂ ਉਸ ਥਾਂ ਵਿੱਚ ਆਏ ਜਿਹ ਦਾ ਨਾਉਂ ਗਲਗਥਾ ਅਰਥਾਤ ਖੋਪਰੀ ਦਾ ਥਾਂ ਸੀ।
34 ਤਾਂ ਉਨ੍ਹਾਂ ਨੇ ਪਿੱਤ ਦੇ ਨਾਲ ਮਿਲਾਈ ਹੋਈ ਦਾਖ ਰਸ ਉਹ ਨੂੰ ਪੀਣ ਲਈ ਦਿੱਤੀ ਪਰ ਉਸ ਨੇ ਚੱਖ ਕੇ ਉਹ ਨੂੰ ਪੀਣਾ ਨਾ ਚਾਹਿਆ।
35 ਤਾਂ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਗੁਣੇ ਪਾਕੇ ਉਹ ਦੇ ਕੱਪੜੇ ਵੰਡ ਲਏ।
36 ਅਰ ਬੈਠ ਕੇ ਉੱਥੇ ਉਹ ਦੀ ਰਾਖੀ ਕਰਨ ਲੱਗੇ।
37 ਉਨ੍ਹਾਂ ਨੇ ਉਹ ਦੇ ਸਿਰ ਦੇ ਉਤਾਹਾਂ ਕਰ ਕੇ ਉਹ ਦੀ ਦੋਸ਼-ਪੱਤਰੀ ਲਾਈ, ਇਹ ਯਿਸੂ ਯਹੂਦੀਆਂ ਦਾ ਪਾਤਸ਼ਾਹ ਹੈ
38 ਉਸ ਵੇਲੇ ਉਹ ਦੇ ਨਾਲ ਦੋ ਡਾਕੂ ਸਲੀਬ ਉੱਤੇ ਚੜ੍ਹਾਏ ਗਏ, ਇੱਕ ਸੱਜੇ ਅਤੇ ਇੱਕ ਖੱਬੇ ਪਾਸੇ।
39 ਅਤੇ ਆਉਣ ਜਾਣ ਵਾਲੇ ਉਹ ਨੂੰ ਤਾਨੇ ਮਾਰ ਕੇ ਅਤੇ ਸਿਰ ਹਿਲਾ ਕੇ ਕਹਿਣ ਲੱਗੇ।
40 ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੈਂ ਆਪਣੇ ਆਪ ਨੂੰ ਬਚਾ ਲੈ! ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਲੀਬ ਉੱਤੋਂ ਉੱਤਰ ਆ!
41 ਅਰ ਇਸੇ ਤਰਾਂ ਪਰਧਾਨ ਜਾਜਕਾਂ ਨੇ ਵੀ ਗ੍ਰੰਥੀਆਂ ਅਤੇ ਬਜੁਰਗਾਂ ਦੇ ਨਾਲ ਮਿਲ ਕੇ ਠੱਠਾ ਮਾਰਿਆ ਅਤੇ ਕਿਹਾ,
42 ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸੱਕਦਾ! ਏਹ ਤਾਂ ਇਸਰਾਏਲ ਦਾ ਪਾਤਸ਼ਾਹ ਹੈ! ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਨਿਹਚਾ ਕਰਾਂਗੇ।
43 ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ। ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ।
44 ਅਰ ਓਹ ਡਾਕੂ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਇਸੇ ਤਰਾਂ ਉਹ ਨੂੰ ਬੋਲੀਆਂ ਮਾਰਦੇ ਸਨ।
45 ਦੁਪਹਿਰਾਂ ਤੋਂ ਲੈਕੇ ਤੀਏ ਪਹਿਰ ਤੀਕਰ ਸਾਰੀ ਧਰਤੀ ਉੱਤੇ ਅਨ੍ਹੇਰਾ ਰਿਹਾ।
46 ਅਰ ਤੀਏ ਕੁ ਪਹਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਕਿ ਏਲੀ ਏਲੀ ਲਮਾ ਸਬਕਤਾਨੀ ਜਿਹਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?
47 ਅਤੇ ਕਿੰਨੇ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਸੁਣ ਕੇ ਬੋਲੇ, ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ। 48 ਅਰ ਝੱਟ ਉਨ੍ਹਾਂ ਵਿੱਚੋਂ ਇੱਕ ਨੇ ਦੌੜ ਕੇ ਸਪੰਜ ਲਿਆ ਅਤੇ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੁਸਾਇਆ। 49 ਹੋਰਨਾਂ ਆਖਿਆ, ਰਹਿਣ ਦਿਹ। ਅਸੀਂ ਵੇਖੀਏ ਭਲਾ, ਏਲੀਯਾਹ ਉਹ ਦੇ ਬਚਾਉਣ ਨੂੰ ਆਉਂਦਾ ਹੈ ਕਿ ਨਹੀਂ? 50 ਯਿਸੂ ਨੇ ਫੇਰ ਉੱਚੀ ਅਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ।
51 ਅਰ ਵੇਖੋ, ਹੈਕਲ ਦਾ ਪੜਦਾ ਉੱਪਰੋਂ ਲੈਕੇ ਹੇਠਾਂ ਤਾਈਂ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ। 52 ਅਤੇ ਕਬਰਾਂ ਖੁੱਲ੍ਹ ਗਈਆਂ ਅਰ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਥਾਂ ਉਠਾਈਆਂ ਗਈਆਂ। 53 ਅਰ ਉਹ ਦੇ ਜੀ ਉੱਠਣ ਦੇ ਪਿੱਛੋਂ ਓਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤ੍ਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ। 54 ਸੂਬੇਦਾਰ ਅਰ ਜਿਹੜੇ ਉਹ ਦੇ ਨਾਲ ਯਿਸੂ ਦੀ ਰਾਖੀ ਕਰਦੇ ਸਨ ਭੁਚਾਲ ਅਤੇ ਸਾਰੀ ਵਾਰਤਾ ਵੇਖ ਕੇ ਬਹੁਤ ਡਰੇ ਅਤੇ ਬੋਲੇ, ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ! 55 ਉੱਥੇ ਬਹੁਤ ਤੀਵੀਆਂ ਦੂਰੋਂ ਵੇਖ ਰਹੀਆਂ ਸਨ ਜਿਹੜੀਆਂ ਯਿਸੂ ਦੇ ਨਾਲ ਗਲੀਲ ਤੋਂ ਉਹ ਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ। 56 ਉਨ੍ਹਾਂ ਵਿੱਚ ਮਰਿਯਮ ਮਗਦਲੀਨੀ ਅਤੇ ਯਾਕੂਬ ਅਰ ਯੋਸੇਸ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤ੍ਰਾਂ ਦੀ ਮਾਤਾ ਸੀ। 57 ਜਾਂ ਸੰਝ ਹੋਈ ਤਾਂ ਯੂਸੁਫ਼ ਨਾਮੇ ਅਰਿਮਥੈਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ। 58 ਉਹ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ। ਤਦ ਪਿਲਾਤੁਸ ਨੇ ਲੋਥ ਦੇਣ ਦਾ ਹੁਕਮ ਦਿੱਤਾ। 59 ਅਤੇ ਯੂਸੁਫ਼ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲੇਟਿਆ।
60 ਅਰ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ ਜਿਹੜੀ ਉਸ ਨੇ ਪੱਥਰ ਵਿੱਚ ਖੁਦਵਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ੍ਹ ਕੇ ਚੱਲਿਆ ਗਿਆ।
61 ਅਤੇ ਮਰਿਯਮ ਮਗਦਲੀਨੀ ਅਰ ਦੂਜੀ ਮਰਿਯਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ।
62 ਅਗਲੇ ਭਲਕ ਜਿਹੜਾ ਤਿਆਰੀ ਦੇ ਦਿਨ ਤੋਂ ਪਿੱਛੋਂ ਸੀ ਪਰਧਾਨ ਜਾਜਕ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਦੇ ਕੋਲ ਆਏ ਅਰ ਬੋਲੇ,
63 ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਛਲੀਆ ਆਪਣੇ ਜੀਉਂਦੇ ਜੀ ਕਹਿ ਗਿਆ ਸੀ ਜੋ ਮੈਂ ਤਿੰਨਾਂ ਦਿਨਾਂ ਪਿੱਛੋਂ ਜੀ ਉੱਠਾਂਗਾ।
64 ਇਸ ਲਈ ਹੁਕਮ ਕਰੋ ਜੋ ਤੀਏ ਦਿਨ ਤੀਕਰ ਕਬਰ ਦੀ ਰਾਖੀ ਕੀਤੀ ਜਾਏ, ਕਿਤੇ ਉਹ ਦੇ ਚੇਲੇ ਆਣ ਕੇ ਉਹ ਨੂੰ ਚੁਰਾ ਨਾ ਲੈ ਜਾਣ ਅਤੇ ਲੋਕਾਂ ਨੂੰ ਨਾ ਆਖਣ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਸੋ ਪਿਛਲੀ ਭੁੱਲ ਪਹਿਲੀ ਨਾਲੋਂ ਬੁਰੀ ਹੋਊਗੀ।
65 ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਪਹਿਰਾ ਤੁਹਾਡੇ ਕੋਲ ਹੈ। ਜਾਓ, ਜਿਸ ਤਰਾਂ ਸਮਝੋ ਉਹ ਦੀ ਰਾਖੀ ਕਰੋ।
66 ਸੋ ਓਹ ਗਏ ਅਰ ਪਹਿਰੇ ਵਾਲਿਆਂ ਨਾਲ ਪੱਥਰ ਉੱਤੇ ਮੋਹਰ ਲਾ ਕੇ ਉਨ੍ਹਾਂ ਨੇ ਕਬਰ ਦੀ ਰਾਖੀ ਕਰਵਾਈ।