ਮਲਾਕੀ
ਕਾਂਡ 2
1 "ਹੇ ਜਾਜਕੋ! ਮੇਰੀ ਗੱਲ ਸੁਣੋ! ਇਹ ਬਿਧੀ ਤੁਹਾਡੇ ਲਈ ਹੈ! ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਧਿਆਨ ਨਾਲ ਸੁਣੋ ਅਤੇ ਮੇਰੇ ਨਾਓਂ ਦੀ ਉਸਤਤ ਕਰੋ!
2 ਜੇਕਰ ਤੁਸੀਂ ਮੇਰੇ ਨਾਉਂ ਦਾ ਆਦਰ ਨਹੀਂ ਕਰੋਂਗੇ ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦੇਵਾਂਗਾ। ਤੁਸੀਂ ਅਸੀਸ ਮੰਗੋਂਗੇ ਤੇ ਤੁਹਾਨੂੰ ਸਰਾਪ ਮਿਲੇਗਾ ਕਿਉਂ ਕਿ ਤੁਸੀਂ ਮੇਰੇ ਨਾਉਂ ਦੀ ਇੱਜ਼ਤ ਨਹੀਂ ਕੀਤੀ। ਜੇ ਤੁਸੀਂ ਪ੍ਰਸੰਸਾ ਨਾ ਕਰੋਂਗੇ ਤਾਂ ਮੈਂ ਤੁਹਾਡੇ ਤੇ ਕਰੋਪੀ ਲਿਆਵਾਂਗਾ।" ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫੁਰਮਾਇਆ।
3 "ਵੇਖੋ, ਮੈਂ ਤੁਹਾਡੇ ਉਤਰਾਧਿਕਾਰੀਆਂ ਨੂੰ ਝਿੜਕਾਂਗਾ ਤੇ ਸਜ਼ਾ ਦੇਵਾਂਗਾ। ਛੁੱਟੀਆਂ 9ਚ ਤੁਹਾਡੇ ਜਾਜਕ ਮੈਨੂੰ ਬਲੀਆਂ ਚੜਾਉਂਦੇ ਹਨ। ਤੁਸੀਂ ਜਾਨਵਰਾਂ ਦੇ ਅੰਦਰਲੇ ਗੰਦਗੀ ਵਾਲੇ ਅੰਗਾਂ ਨੂੰ ਅਤੇ ਗੋਬਰ ਨੂੰ ਕੱਢ ਕੇ ਸੁੱਟ ਦਿੰਦੇ ਹੋ, ਪਰ ਮੈਂ ਉਹ ਗੋਬਰ ਤੁਹਾਡੇ ਚਿਹਰਿਆਂ ਤੇ ਲੇਪਾਂਗਾ ਅਤੇ ਇਸ ਗੰਦਗੀ ਸਮੇਤ ਤੁਸੀਂ ਵੀ ਸੁੱਟੇ ਜਾਵੋਂਗੇ।
4 ਤਦ ਤੁਸੀਂ ਜਾਣੋਂਗੇ ਕਿ ਮੈਂ ਇਹ ਹੁਕਮ ਤੁਹਾਨੂੰ ਕਿਉਂ ਦੇ ਰਿਹਾ ਹਾਂ। ਮੈਂ ਇਹ ਹੁਕਮ ਤੁਹਾਨੂੰ ਇਸਲਈ ਦਿੱਤਾ ਤਾਂ ਜੋ ਲੇਵੀ ਨਾਲ ਮੇਰਾ ਇਕਰਾਰਨਾਮਾ ਰਹੇ, ਇਸੇ ਲਈ ਮੈਂ ਤੁਹਾਨੂੰ ਇਹ ਗੱਲਾਂ ਆਖੀਆਂ।" ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
5 ਯਹੋਵਾਹ ਨੇ ਆਖਿਆ, "ਮੈਂ ਲੇਵੀ ਨਾਲ ਇਹ ਇਕਰਾਰਨਾਮਾ ਕੀਤਾ। ਮੈਂ ਉਸਨੂੰ ਜੀਵਨ ਅਤੇ ਸ਼ਾਂਤੀ ਦੇਣ ਦਾ ਵਾਅਦਾ ਕੀਤਾ - ਅਤੇ ਮੈਂ ਉਸਨੂੰ ਇਹ ਦਿੱਤਾ। ਉਸਨੇ ਮੇਰਾ ਆਦਰ ਕੀਤਾ ਅਤੇ ਮੇਰਾ ਨਾਉਂ ਦਾ ਜਸ੍ਸ ਕੀਤਾ।
6 ਸਚਿਆਈ ਦੀ ਸਿਖਿਆ ਉਸ ਦੇ ਮੂੰਹ ਤੇ ਸੀ। ਲੇਵੀ ਨੇ ਝੂਠ ਨਾ ਪ੍ਰਚਾਰਿਆ। ਉਹ ਈਮਾਨਦਾਰ ਸੀ ਅਤੇ ਸ਼ਾਂਤੀ ਦਾ ਜਾਜਕ ਸੀ। ਲੇਵੀ ਨੇ ਮੇਰੀ ਸਿਖਿਆ ਦਾ ਅਨੁਸਰਣ ਕੀਤਾ, ਮੇਰੇ ਪਿੱਛੇ ਲੱਗਾ ਅਤੇ ਉਸ ਨੇ ਬੜੇ ਸਾਰੇ ਮਨੁੱਖਾਂ ਨੂੰ ਕੁਰਾਹੇ ਪੈਣ ਤੋਂ ਬਚਾਇਆ।
7 ਇੱਕ ਜਾਜਕ ਨੂੰ ਪਰਮੇਸ਼ੁਰ ਦੀ ਬਿਵਸਬਾ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸ ਕੋਲ ਜਾਣ ਅਤੇ ਪਰਮੇਸ਼ੁਰ ਦੀਆਂ ਸਿਖਿਆਵਾਂ ਦਾ ਗਿਆਨ ਹਾਸਿਲ ਕਰਨ। ਇੱਕ ਜਾਜਕ ਲੋਕਾਂ ਲਈ ਯਹੋਵਾਹ ਦੀ ਬਿਵਸਬਾ ਦੀ ਸਿਖਿਆ ਦਾ ਦੂਤ ਹੋਣਾ ਚਾਹੀਦਾ ਹੈ ਜੋ ਉਸ ਗਿਆਨ ਨੂੰ ਮਨੁੱਖਤਾ ਵਿੱਚ ਵੰਡੇ।"
8 ਯਹੋਵਾਹ ਨੇ ਆਖਿਆ, "ਪਰ ਤੁਸੀਂ ਜਾਜਕਾਂ ਨੇ ਮੇਰੀ ਬਿਵਸਬਾ ਨੂੰ ਨਹੀਂ ਮੰਨਿਆ ਸਗੋਂ ਤੁਸੀਂ ਬਿਵਸਬਾ ਨਾਲ ਲੋਕਾਂ ਨੂੰ ਗ਼ਲਤ ਸਮਝਾ ਕੇ ਉਨ੍ਹਾਂ ਨੂੰ ਕੁਰਾਹੇ ਪਾਇਆ। ਤੁਸੀਂ ਲੇਵੀ ਨਾਲ ਬਂਨੇ ਨੇਮ ਨੂੰ ਬਰਬਾਦ ਕਰਕੇ ਰੱਖ ਦਿੱਤਾ।" ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਬਚਨ ਫਰਮਾਏ।
9 "ਤੁਸੀਂ ਮੇਰੇ ਪਾਏ ਰਾਹ ਤੇ ਨਾ ਤੁਰੇ। ਤੁਸੀਂ ਮੇਰੀ ਬਿਵਸਬਾ ਨੂੰ ਨਾ ਮੰਨਿਆ। ਇਸ ਲਈ ਮੈਂ ਤੁਹਾਨੂੰ ਨਖਿਧ੍ਧ ਕਰਾਰ ਦਿੰਦਾ ਹਾਂ - ਅਤੇ ਲੋਕ ਤੁਹਾਡਾ ਆਦਰ ਨਾ ਕਰਨਗੇ।"
10 ਸਾਡਾ ਸਭ ਦਾ ਪਿਤਾ (ਪਰਮੇਸ਼ੁਰ) ਇਕ ਹੈ। ਉਸਨੇ ਹੀ ਸਾਨੂੰ ਸਾਰਿਆਂ ਨੂੰ ਸਾਜਿਆ ਹੈ। ਤਾਂ ਫ਼ਿਰ ਭਾਈ-ਭਾਈ ਨੂੰ ਕਿਉਂ ਧੋਖਾ ਦਿੰਦਾ ਹੈ? ਅਜਿਹੇ ਲੋਕ ਇਉਂ ਕਰਕੇ ਇਹ ਜਤਾਉਂਦੇ ਹਨ ਕਿ ਉਨ੍ਹਾਂ ਨੂੰ ਨੇਮ ਦਾ ਕੋਈ ਆਦਰ ਨਹੀਂ। ਉਨ੍ਹਾਂ ਨੂੰ ਉਸ ਬਿਵਸਬਾ ਦੀ ਕੋਈ ਇੱਜ਼ਤ ਨਹੀਂ ਜਿਹੜੀ ਸਾਡੇ ਪੁਰਖਿਆਂ ਨੇ ਪਰਮੇਸ਼ੁਰ ਨਾਲ ਬੰਨ੍ਹੀ ਸੀ।
11 ਯਹੂਦਾਹ ਦੇ ਲੋਕਾਂ ਨੇ ਦੂਜਿਆਂ ਲੋਕਾਂ ਨਾਲ ਧੋਖਾ ਕੀਤਾ। ਯਰੂਸ਼ਲਮ ਅਤੇ ਇਸਰਾਏਲ ਵਿੱਚ ਲੋਕਾਂ ਨੇ ਹਨੇਰ ਮਚਾਇਆ। ਪਰਮੇਸ਼ੁਰ ਉਸ ਮੰਦਰ ਨੂੰ ਪਿਆਰ ਕਰਦਾ ਹੈ ਪਰ ਯਹੂਦਾਹ ਦੇ ਮਨੁੱਖਾਂ ਨੇ ਯਹੋਵਾਹ ਦੇ ਪਵਿੱਤਰ ਮੰਦਰ ਵੱਲ ਕੋਈ ਆਦਰ ਨਾ ਪ੍ਰਗਟਾਇਆ ਸਗੋਂ ਯਹੂਦਾਹ ਦੇ ਲੋਕਾਂ ਨੇ ਵਿਦੇਸ਼ੀ ਦੇਵੀਆਂ ਦੀ ਉਪਾਸਨਾ ਸ਼ੁਰੂ ਕਰ ਦਿੱਤੀ।
12 ਯਹੋਵਾਹ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੇ ਘਰਾਣੇ ਵਿੱਚੋਂ ਹਟਾਅ ਦੇਵੇਗਾ। ਭਾਵੇਂ ਉਹ ਲੋਕ ਫ਼ਿਰ ਯਹੋਵਾਹ ਲਈ ਭੇਟਾਂ ਤੇ ਤੋਹਫ਼ੇ ਲੈਕੇ ਆਉਣ - ਪਰ ਇਸ ਨਾਲ ਕੋਈ ਲਾਭ ਨਾ ਹੋਵੇਗਾ।
13 ਤੁਸੀਂ ਰੋ-ਰੋ ਕੇ ਯਹੋਵਾਹ ਦੀ ਜਗਵੇਦੀ ਨੂੰ ਹੰਝੂਆਂ ਨਾਲ ਭਾਵੇਂ ਭਰ ਦੇਵੋਁ, ਪਰ ਉਹ ਤੁਹਾਡੀ ਭੇਟਾ ਸਵੀਕਾਰ ਨਾ ਕਰੇਗਾ। ਯਹੋਵਾਹ ਤੁਹਾਡੀਆਂ ਵਸਤਾਂ ਉੱਪਰ ਨਾ ਰੀਝੇਗਾ।
14 ਤੁਸੀਂ ਆਖਦੇ ਹੋ, "ਸਾਡੀਆਂ ਭੇਟਾ ਯਹੋਵਾਹ ਵੱਲੋਂ ਕਿਉਂ ਪ੍ਰਵਾਣ ਨਹੀਂ? ਕਿਉਂ ਕਿ ਉਹ ਤੁਹਾਡੀਆਂ ਬਦੀਆਂ ਨੂੰ ਵੇਖਦਾ ਹੈ, ਅਤੇ ਉਹ ਤੁਹਾਡੀ ਬਦੀ ਦੇ ਖਿਲਾਫ਼ ਚਸ਼ਮਦੀਦ ਗਵਾਹ ਹੈ। ਉਸ ਨੇ ਤੈਨੂੰ ਤੇਰੀ ਪਤਨੀ ਨਾਲ ਬੇਵਫ਼ਾਈ ਕਰਦਿਆਂ ਵੇਖਿਆ। ਤੇਰੀ ਜਵਾਨੀ ਵਿੱਚ ਤੂੰ ਉਸ ਮੁਟਿਆਰ ਨਾਲ ਦੋਸਤੀ ਕੀਤੀ, ਆਪਣੀ ਸਾਬਣ-ਸਖੀ ਨੂੰ ਆਪਣੀ ਪਤਨੀ ਬਣਾਇਆ ਫ਼ਿਰ ਇੱਕ ਦੂਜੇ ਨਾਲ ਸੌਂਹਾਂ ਖਾਕੇ ਪਤੀ-ਪਤਨੀ ਬਣੇ ਪਰ ਫ਼ਿਰ ਤੂੰ ਉਸ ਨਾਲ ਧੋਖਾ ਕੀਤਾ।
15 ਪਰਮੇਸ਼ੁਰ ਪਤੀ-ਪਤਨੀ ਨੂੰ ਇੱਕ ਜਿਸਮ, ਇੱਕ ਰੂਹ ਵਜੋਂ ਵੇਖਣਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਨੂੰ ਪਵਿੱਤਰ ਬੱਚੇ ਪੈਦਾ ਹੋਣ। ਇਸ ਲਈ ਤੁਹਾਨੂੰ ਉਸ ਆਤਮਿਕ ਏਕਤਾ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਆਪਣੀ ਪਤਨੀ ਨਾਲ ਫ਼ਰੇਬ ਨਹੀਂ ਕਰਨਾ ਚਾਹੀਦਾ। ਉਹ ਜੁਆਨੀ ਤੋਂ ਤੇਰੇ ਅੰਗ-ਸੰਗ ਰਹੀ ਹੈ।
16 ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, "ਮੈਂ ਤਲਾਕ ਨੂੰ ਨਫ਼ਰਤ ਕਰਦਾ ਹਾਂ ਅਤੇ ਜਿਹੜੇ ਆਦਮੀ ਜ਼ਾਲਿਮਾਨਾ ਹਰਕਤਾਂ ਕਰਦੇ ਹਨ ਮੈਂ ਉਸ ਤੋਂ ਘਿਰਣਾ ਖਾਂਦਾ ਹਾਂ। ਤੁਸੀਂ ਆਪਣੇ ਅੰਦਰ ਅਧਿਆਤਮਕ ਸ਼ਕਤੀ ਕਾਇਮ ਕਰੋ ਅਤੇ ਆਪਣੀ ਪਤਨੀ ਨਾਲ ਬੇਪਰਤੀਤੀ ਨਾ ਕਰੋ।"
17 ਤੁਸੀਂ ਗ਼ਲਤ ਗੱਲਾਂ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਗ਼ਲਤ ਗੱਲਾਂ ਨੇ ਯਹੋਵਾਹ ਨੂੰ ਉਦਾਸ ਕੀਤਾ। ਤੁਸੀਂ ਲੋਕਾਂ ਵਿੱਚ ਗ਼ਲਤ ਪ੍ਰਚਾਰ ਕੀਤਾ ਕਿ ਬਦੀ ਕਰਨ ਵਾਲੇ ਲੋਕਾਂ ਨੂੰ ਪਰਮੇਸ਼ੁਰ ਪਸੰਦ ਕਰਦਾ ਹੈ ਤੁਸੀਂ ਪ੍ਰਚਾਰਿਆ ਕਿ ਅਜਿਹੇ ਮਨੁੱਖਾਂ ਨੂੰ ਪਰਮੇਸ਼ੁਰ ਭਲੇ ਸਮਝਦਾ ਹੈ। ਅਤੇ ਪਰਮੇਸ਼ੁਰ ਬਦੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੰਦਾ।