ਆਮੋਸ
ਕਾਂਡ 2
1 ਯਹੋਵਾਹ ਇਉਂ ਫ਼ੁਰਮਾਉਂਦਾ ਹੈ: "ਮੈਂ ਮੋਆਬ ਦੇ ਲੋਕਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਅਵੱਸ਼ ਦੇਵਾਂਗਾ ਉਨ੍ਹਾਂ ਨੇ ਅਦੋਮ ਦੇ ਪਾਤਸ਼ਾਹ ਦੀਆਂ ਹੱਡੀਆਂ ਨੂੰ ਸਾੜਕੇ ਚੂਨਾ ਕਰ ਦਿੱਤਾ ਸੀ।
2 ਇਸ ਲਈ ਮੈਂ ਮੋਆਬ ਵਿੱਚ ਅੱਗ ਸੁਰੂ ਕਰਾਂਗਾ ਅਤੇ ਉਹ ਕਰੀਯੋਬ ਦੇ ਬੁਰਜਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ ਅਤੇ ਉੱਥੇ ਭਿਅੰਕਰ ਸ਼ੋਰ ਤੇ ਤੂਰ੍ਹੀ ਦੀ ਉੱਚੀ ਆਵਾਜ਼ ਹੋਵੇਗੀ ਇੰਝ ਮੋਆਬ ਦੀ ਮੌਤ ਹੋਵੇਗੀ।
3 ਇਉਂ, ਮੈਂ ਮੋਆਬ ਦੇ ਸ਼ਾਸਕਾਂ ਦਾ ਅੰਤ ਕਰ ਦਿਆਂਗਾ ਅਤੇ ਉਨ੍ਹਾਂ ਦੇ ਸਾਰੇ ਆਗੂਆਂ ਨੂੰ ਤਬਾਹ ਕਰ ਦੇਵਾਂਗਾ।" ਯਹੋਵਾਹ ਨੇ ਇਉਂ ਆਖਿਆ।
4 ਯਹੋਵਾਹ ਨੇ ਇਉਂ ਕਿਹਾ: "ਮੈਂ ਯਹੂਦਾਹ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਕਾਰਣ ਜ਼ਰੂਰ ਦੰਡ ਦੇਵਾਂਗਾ ਉਨ੍ਹਾਂ ਨੇ ਯਹੋਵਾਹ ਦੇ ਆਦੇਸਾਂ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਹੀ ਉਸਦੇ ਅਸੂਲਾਂ ਨੂੰ ਮੰਨਿਆ। ਉਨ੍ਹਾਂ ਦੇ ਪੁਰਖਿਆਂ ਨੇ ਝੂਠੇ ਦੇਵਤਿਆਂ ਚ ਵਿਸ਼ਵਾਸ ਕਰਨਾ ਜਾਰੀ ਰੱਖਿਆ ਅਤੇ ਯਹੂਦਾਹ ਦੇ ਲੋਕਾਂ ਨੂੰ ਸਹੀ ਰਾਹ ਤੋਂ ਭਟਕਾਇਆ ਗਿਆ ਹੈ। ਅਤੇ ਇਸਨੇ ਉਨ੍ਹਾਂ ਤੋਂ ਉਨ੍ਹਾਂ ਦੇ ਪਰਮੇਸ਼ੁਰ ਨੂੰ ਛੁਡਾ ਦਿੱਤਾ।
5 ਇਸ ਲਈ ਮੈਂ ਯਹੂਦਾਹ ਵਿੱਚ ਅੱਗ ਲਾਵਾਂਗਾ ਅਤੇ ਉਹ ਯਰੂਸ਼ਲਮ ਦੇ ਕਿਲਿਆਂ ਨੂੰ ਸਾੜ ਦੇਵੇਗੀ।"
6 ਯਹੋਵਾਹ ਇਉਂ ਆਖਦਾ ਹੈ: "ਮੈਂ ਇਸਰਾਏਲ ਨੂੰ ਵੀ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਸਜ਼ਾ ਅਵੱਸ਼ ਦੇਵਾਂਗਾ ਕਿਉਂ ਕਿ ਉਨ੍ਹਾਂ ਨੇ ਬੋੜੇ ਜਿਹੇ ਚਾਂਦੀ ਦੇ ਸਿਕਿਆਂ ਬ੍ਬਦਲੇ ਮਾਸੂਮ ਤੇ ਚੰਗੇ ਲੋਕਾਂ ਨੂੰ ਵੇਚਿਆ। ਇੱਕ ਜੋੜੇ ਬੂਟਾਂ ਬਦਲੇ ਉਨ੍ਹਾਂ ਗਰੀਬ ਲੋਕਾਂ ਨੂੰ ਵੇਚਿਆ।
7 ਉਨ੍ਹਾਂ ਨੇ ਗਰੀਬ ਲੋਕਾਂ ਦੇ ਸਿਰਾਂ ਨੂੰ ਧਰਤੀ ਦੀ ਧੂੜ ਚ ਧੱਕ ਦਿੱਤਾ ਅਤੇ ਉਹ ਸਤਾਏ ਹੋਇਆਂ ਲਈ ਨਿਆਂ ਤੋਂ ਮੁਨਕਰ ਹਨ। ਪਿਉ ਅਤੇ ਪੁੱਤਰ ਨੇ ਇੱਕ ਹੀ ਔਰਤ ਨਾਲ ਜ਼ਨਾਹ ਕਰਦੇ ਹਨ। ਉਨ੍ਹਾਂ ਨੇ ਅਜਿਹਾ ਮੇਰੇ ਪਵਿੱਤਰ ਨਾਂ ਦੀ ਨਖੇਦੀ ਕਰਨ ਦੇ ਉਦੇਸ਼ ਨਾਲ ਕੀਤਾ।
8 ਉਹ ਗਰੀਬ ਲੋਕਾਂ ਦੇ ਕੱਪੜੇ ਲੈਕੇ, ਆਪਣੀਆਂ ਜਗਵੇਦੀਆਂ ਤੇ ਉਪਾਸਨਾ ਕਰਦੇ ਸਮੇਂ ਉਨ੍ਹਾਂ ਕੱਪੜਿਆਂ ਤੇ ਬੈਠ ਜਾਂਦੇ ਹਨ। ਉਹ ਉਧਾਰ ਦਿੱਤੇ ਹੋਏ ਪੈਸਿਆਂ ਲਈ ਗਰੀਬ ਲੋਕਾਂ ਦੇ ਕੱਪੜੇ ਜਮਾਨਤ ਵਜੋਂ ਲੈਂਦੇ ਹਨ। ਉਹ ਲੋਕਾਂ ਪਾਸੋਂ ਜੁਰਮਾਨੇ ਵਜੋਂ ਪੈਸੇ ਲੈਕੇ, ਆਪਣੇ ਲਈ ਮੈਅ ਖਰੀਦ ਕੇ, ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਪੀਣ ਲਈ ਵਰਤਦੇ ਹਨ।
9 "ਪਰ ਇਹ ਮੈਂ ਹੀ ਸੀ ਜਿਸਨੇ ਅਮੋਰੀਆਂ ਨੂੰ ਉਨ੍ਹਾਂ ਦੇ ਅਗਿਓ ਬ੍ਬਰਬਾਦ ਕੀਤਾ ਜਿਹੜੇ ਕਿ ਦਿਆਰ ਦੇ ਦ੍ਰਖਤਾਂ ਵਾਂਗ ਲੰਬੇ ਸਨ ਅਤੇ ਬਲੂਤ ਦੇ ਰੁੱਖਾਂ ਵਰਗੇ ਤਕੜੇ। ਪਰ ਮੈਂ ਉਨ੍ਹਾਂ ਦੇ ਉੱਪਰ ਫ਼ਲਾਂ ਅਤੇ ਹੇਠਲੀਆਂ ਜੜਾਂ ਨੂੰ ਨਾਸ ਕੀਤਾ।
10 "ਇਹ ਮੈਂ ਹੀ ਸੀ ਜਿਸਨੇ ਤੁਹਾਨੂੰ ਮਿਸਰ ਦੇਸ ਵਿੱਚੋਂ ਕਢਿਆ ਅਤੇ ਚਾਲੀ ਸਾਲ ਤੀਕ ਮੈਂ ਤੁਹਾਨੂੰ ਉਜਾੜ ਵਿੱਚ ਲਈ ਫ਼ਿਰਿਆ। ਮੈਂ ਅਮੋਰੀਆਂ ਦੀ ਧਰਤੀ ਉੱਪਰ ਤੁਹਾਡਾ ਕਬਜ਼ਾ ਕਰਵਾਇਆ।
11 ਮੈਂ ਤੁਹਾਡੇ ਕੁਝ ਪੁੱਤਰਾਂ ਨੂੰ ਨਬੀ ਬਣਾਇਆ ਅਤੇ ਤੁਹਾਡੇ ਕੁਝ ਚੁਣਵੇਂ ਜਵਾਨਾਂ ਨੂੰ ਨਜ਼ੀਰ ਠਹਿਰਾਇਆ। ਹੇ ਇਸਰਾਏਲੀਓ ਕੀ ਇਹ ਇਵੇਂ ਨਹੀਂ ਹੋਇਆ?" ਯਹੋਵਾਹ ਨੇ ਇਹ ਵਚਨ ਆਖੇ।
12 "ਪਰ ਤੁਸੀਂ ਨਜ਼ੀਰਾਂ ਨੂੰ ਮੈਅ ਪਿਲਾਈ ਅਤੇ ਨਬੀਆਂ ਨੂੰ ਅਗੰਮ ਵਾਕ ਆਖਣ ਤੋਂ ਰੋਕਿਆ।
13 ਤੁਸੀਂ ਮੇਰੇ ਲਈ ਵੱਡਾ ਭਾਰ ਹੋ ਤੇ ਮੈਂ ਭਰੀਆਂ ਨਾਲ ਲਧ੍ਧੇ ਹੋਏ ਗਡ੍ਡੇ ਵਾਂਗ ਝੁਕ ਗਿਆ ਹਾਂ।
14 ਹੁਣ ਕੋਈ ਸ਼ਖਸ ਨਾ ਬਚੇਗਾ ਇਥੋਂ ਤੱਕ ਕਿ ਕੋਈ ਦੌੜਾਕ ਵੀ ਨਾ ਬਚ ਪਾਵੇਗਾ। ਬਹਾਦੁਰ ਮਨੁੱਖਾਂ ਦੀ ਬਹਾਦੁਰੀ ਖਤਮ ਹੋ ਜਾਵੇਗੀ ਅਤੇ ਸਿਪਾਹੀ ਆਪਣੇ-ਆਪ ਨੂੰ ਵੀ ਬਚਾਉਣ ਦੇ ਅਸਮਰਬ੍ਬ ਹੋ ਜਾਣਗੇ।
15 ਧਨੁਖ੍ਖ-ਬਾਣ ਵਾਲੇ ਮਨੁੱਖ ਵੀ ਨਾ ਬਚ ਸਕਣਗੇ ਤੇ ਨਾ ਹੀ ਦੌੜਾਕ। ਘੁੜਸਵਾਰ ਮਨੁੱਖ ਵੀ ਨਾ ਜਿਉਂਦੇ ਬਚ ਪਾਣਗੇ।
16 ਉਸ ਵਕਤ, ਬਹਾਦੁਰ ਸਿਪਾਹੀ ਵੀ ਨੰਗੇ ਹੀ ਭੱਜ ਜਾਣਗੇ।" ਯਹੋਵਾਹ ਨੇ ਇਹ ਸ਼ਬਦ ਆਖੇ।